ਰਾੜਾ ਸਾਹਿਬ, 22 ਅਪੈ੍ਰਲ (ਸੁਖਵੀਰ ਸਿੰਘ ਚਣਕੋਈਆਂ)-ਸੰਤ ਈਸਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੀ ਵਿਦਿਆਰਥਣ ਵਰਲੀਨ ਕੌਰ ਨੇ ਦਸਵੀਂ (ਸੀ. ਬੀ. ਐਸ. ਈ.) ਪ੍ਰੀਖਿਆ ਦੇ ਨਤੀਜੇ ਵਿੱਚੋਂ 96.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੀ ਮਾਤਾ ਨਾਲ ਕੀਤਾ ਵਾਅਦਾ ਤਾਂ ਪੂਰਾਕਰ ਲਿਆ | ਪਰ ਉਸ ਨਾਲ ਵਾਅਦਾ ਕਰਨ ਵਾਲੀ ਉਸ ਦੀ ਮਾਤਾ ਨਤੀਜਾ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਸਦੀਵੀ ਵਿਛੋੜਾਂ ਦੇ ਗਈ | ਵਰਲੀਨ ਕੌਰ ਦੇ ਮਾਸੜ ਸਬ ਇੰਸਪੈਕਟਰ ਵਿਜੀਲੈਂਸ ਗੁਲਸੇਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਰਲੀਨ ਕੌਰ ਦਾ ਬਚਪਨ ਤੋਂ ਹੀ ਆਪਣੇ ਨਾਨਕੇ ਪਿੰਡ ਸਹਾਰਨ ਮਾਜਰਾ ਨਾਲ ਜ਼ਿਆਦਾ ਮੋਹ ਸੀ | ਪਰ ਉਹ ਆਪਣੀ ਮਾਤਾ ਨੂੰ ਅੰਤਾਂ ਦਾ ਪਿਆਰ ਕਰਦੀ ਸੀ ਇੱਕ ਪਾਸੇ ਉਸ ਦੀ ਪੜ੍ਹਾਈ ਅਤੇ ਦੂਜੇ ਪਾਸੇ ਮਾਤਾ ਦੀ ਬਿਮਾਰੀ ਅਤੇ ਪੇਪਰਾਂ ਤੋਂ ਪਹਿਲਾਂ ਮੌਤ ਹੋ ਜਾਣੀ ਪਰਿਵਾਰ ਲਈ ਗਹਿਰਾ ਸਦਮਾ ਸੀ | ਉਸਦੇ ਪਿਤਾ ਇੱਕ ਕਿਸਾਨ ਹਨ ਅਤੇ ਭਰਾ ਛੋਟਾ ਹੈ | ਛੋਟੀ ਉਮਰ ਵਿੱਚ ਪੜਾਈ ਅਤੇ ਘਰ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ | ਉਨ੍ਹਾਂ ਦੀ ਬੱਚੀ ਨੇ ਜਿੱਥੇ ਆਪਣੀ ਮਾਤਾ ਦੇ ਸਦੀਵੀ ਵਿਛੋੜੇ ਦੇ ਦਰਦ ਨੰੂ ਆਪਣੇ ਤਨ ਅਤੇ ਮਨ ਨਾਲ ਹੰਢਾਇਆ | ਉੱਥੇ ਆਪਣੀ ਮਾਤਾ ਨਾਲ ਪੜ੍ਹਾਈ ਵਿਚ ਪੁਜ਼ੀਸ਼ਨ ਲੈਣ ਦਾ ਵਾਅਦਾ ਪੂਰਾ ਕੀਤਾ | ਅੱਜ ਉਸਨੇ ਸੀ. ਬੀ. ਐਸ. ਸੀ ਬੋਰਡ ਦੀ ਦਸਵੀ ਕਲਾਸ ਵਿੱਚ 96.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ ਹੈ | ਜੇਕਰ ਉਸ ਨੂੰ ਇਹ ਸਦਮਾ ਨਾ ਲੱਗਦਾ ਤਾਂ ਉਸ ਦੀ ਪੁਜ਼ੀਸ਼ਨ ਸਕੂਲ ਹੀ ਨਹੀਂ ਪੰਜਾਬ ਵਿਚੋਂ ਹੀ ਅੱਵਲ ਰਹਿਣਾ ਸੀ | ਜ਼ਿਕਰਯੋਗ ਹੈ ਕਿ ਸਕੂਲ ਪਿ੍ੰਸੀਪਲ ਅਤੇ ਸਮੁੱਚੇ ਸਟਾਫ਼ ਨੇ ਬੱਚੀ ਨੂੰ ਮਾਪਿਆ ਵਾਂਗ ਪਿਆਰ ਦਿੱਤਾ ਤਾਂ ਕਿ ਉਸ ਦੇ ਦੁੱਖ ਨੂੰ ਘਟਾਇਆ ਜਾ ਸਕੇ |