ਸਾਹਨੇਵਾਲ, 24 ਅਪ੍ਰੈਲ (ਹਨੀ ਚਾਠਲੀ)-ਚੰਗੀ ਸਿੱਖਿਆ ਕਰਨ ਦਾ ਸੁਪਨਾ ਹਰ ਇਕ ਨੌਜਵਾਨ ਦੇ ਅੰਦਰ ਹੈ ਤਾਂ ਜੋ ਉਹ ਚੰਗੀ ਸਿੱਖਿਆ ਪ੍ਰਾਪਤ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕੇ ਇਸੇ ਤਹਿਤ ਪਰਮਜੀਤ ਸਿੰਘ ਕੌਲ ਅਤੇ ਮਨਪ੍ਰੀਤ ਕੌਰ ਦਾ ਨੌਜਵਾਨ ਲੜਕਾ ਜਤਿੰਦਰ ਸਿੰਘ (27 ਸਾਲ) ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਅਪ੍ਰੈਲ 2024 ਚ ਕੈਨੇਡਾ ਚਲੇ ਗਿਆ ਸੀ ਤੇ ਬੀਤੇ ਦਿਨੀਂ ਕੈਨੇਡਾ 'ਚ ਗਏ ਸਾਹਨੇਵਾਲ ਦੇ ਵਸਨੀਕ ਜਤਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਦੇ ਦਾਦਾ ਨਾਜ਼ਰ ਸਿੰਘ ਕੌਲ ਨੇ ਰੋਂਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਉਨਾਂ ਨੂੰ ਕੈਨੇਡਾ ਤੋਂ ਇਕ ਫ਼ੋਨ ਆਇਆ ਕਿ ਤੁਹਾਡਾ ਲੜਕਾ ਜਤਿੰਦਰ ਸਿੰਘ ਸੀਰੀਅਸ ਹਾਲਤ ਵਿੱਚ ਹੈ ਤਾਂ ਅਸੀਂ ਫ਼ੋਨ ਸੁਨਣ ਤੋਂ ਬਾਅਦ ਕੈਨੇਡਾ 'ਚ ਰਹਿ ਰਹੇ ਸਾਡੇ ਰਿਸ਼ਤੇਦਾਰ ਨੂੰ ਫ਼ੋਨ ਕੀਤਾ ਤੇ ਉਹ ਤੁਰੰਤ ਹੀ ਉੱਥੇ ਪਹੁੰਚੇ ਤੇ ਜਦੋਂ ਉਨ੍ਹਾਂ ਉੱਥੇ ਜਾ ਕੇ ਦੇਖਿਆ ਤਾਂ ਜਤਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਤਾਂ ਉਸ ਨੰੂ ਉੱਥੋਂ ਦੇ ਹਸਪਤਾਲ 'ਚ ਲੈ ਕੇ ਗਏ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਜਤਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ ਜਿਸ 'ਤੇ ਜਿੱਥੇ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਟੁੱਟ ਗਿਆ ਉੱਥੇ ਹੀ ਪੂਰੇ ਸਾਹਨੇਵਾਲ ਕਸਬੇ 'ਚ ਸ਼ੋਕ ਦੀ ਲਹਿਰ ਦੌੜ ਗਈ | ਉਨਾਂ ਅੱਗੇ ਦੱਸਿਆ ਕਿ ਜਤਿੰਦਰ ਸਿੰਘ ਦੀ ਮਿ੍ਤਕ ਦੇਹ ਨੂੰ ਸਾਹਨੇਵਾਲ ਲਿਆਉਣ ਲਈ ਕਾਫੀ ਖ਼ਰਚ ਹੋ ਰਿਹਾ ਸੀ ਜਿਸ ਤੇ ਐਨ.ਆਰ.ਆਈ ਤੇ ਇਲਾਕੇ ਦੇ ਲੋਕਾਂ ਵਲੋਂ ਵਿੱਤੀ ਸਹਾਇਤਾ ਦੇ ਕੇ ਮੇਰੇ ਪੋਤੇ ਜਤਿੰਦਰ ਸਿੰਘ ਦੀ ਮਿ੍ਤਕ ਦੇਹ ਨੂੰ ਸਾਹਨੇਵਾਲ ਲਿਆਉਣ 'ਚ ਬਹੁਤ ਮਦਦ ਕੀਤੀ ਹੈ | ਨਾਜ਼ਰ ਸਿੰਘ ਕੌਲ ਅਤੇ ਡਾ.ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ ਨੇ ਦੱਸਿਆ ਕਿ ਜਤਿੰਦਰ ਸਿੰਘ ਦੀ ਮਿ੍ਤਕ ਦੇਹ 25 ਅਪ੍ਰੈਲ ਨੂੰ ਤੜਕਸਾਰ ਸਾਹਨੇਵਾਲ ਵਿਖੇ ਪਹੁੰਚ ਜਾਵੇਗੀ ਤੇ 25 ਅਪ੍ਰੈਲ ਦੀ ਦੁਪਹਿਰ 1 ਵਜੇ ਸਿਵਲ ਹਸਪਤਾਲ ਰੋਡ ਦੇ ਨਜ਼ਦੀਕ ਬਣੀ ਸ਼ਮਸ਼ਾਨਘਾਟ ਵਿਖੇ ਜਤਿੰਦਰ ਸਿੰਘ ਦਾ ਸਸਕਾਰ ਕੀਤਾ ਜਾਵੇਗਾ |