ਸਮਰਾਲਾ, 25 ਅਪ੍ਰੈਲ (ਕੁਲਵਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਜੋ ਆਪਣੇ ਆਪ ਨੂੰ ਮੱਧ ਵਰਗੀ ਕਿਸਾਨ ਦਾ ਪੁੱਤਰ ਹੋਣ ਅਤੇ 'ਆਪ' ਦੇ ਸਾਰੇ ਮੰਤਰੀ ਅਤੇ ਵਿਧਾਇਕ ਮੱਧ ਵਰਗੀ ਘਰਾਂ ਵਿਚੋਂ ਆਏ ਕਹਿੰਦੇ ਹਨ, ਪਰ ਕਿਸਾਨਾਂ ਲਈ ਅਜਿਹੇ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਦੇ ਹਨ, ਜਿਸ ਨਾਲ ਕਿਸਾਨਾਂ ਨੂੰ ਡਿਫਾਲਟਰ ਹੋਣੋਂ ਕੋਈ ਨਹੀਂ ਬਚਾ ਸਕਦਾ, ਹੁਣ ਅਜਿਹੀ ਸਰਕਾਰ ਬਾਰੇ ਕੀ ਕਿਹਾ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪਰਮਿੰਦਰ ਸਿੰਘ ਪਾਲ ਮਾਜਰਾ ਸੂਬਾ ਜਨਰਲ ਸਕੱਤਰ, ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਗੁਰਪ੍ਰੀਤ ਸਿੰਘ ਸਾਹਬਾਣਾ ਪੈੱ੍ਰਸ ਸਕੱਤਰ, ਹਰਦੀਪ ਸਿੰਘ ਭਰਥਲਾ ਜ਼ਿਲ੍ਹਾ ਲੁਧਿਆਣਾ ਮੀਤ ਪ੍ਰਧਾਨ ਅਤੇ ਦਲਜੀਤ ਸਿੰਘ ਊਰਨਾ ਜਨਰਲ ਸਕੱਤਰ ਬਲਾਕ ਸਮਰਾਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ | ਆਗੂਆਂ ਨੇ ਕਿਹਾ ਕਿ ਖੇਤੀਬਾੜੀ ਸੁਸਾਇਟੀਆਂ ਵਲੋਂ ਪੂਰੇ ਪੰਜਾਬ ਵਿਚ ਹੱਦ ਕਰਜ਼ੇ ਨਵੇਂ ਸਿਰੇ ਤੋਂ ਬਣਾਉਣ ਲਈ ਸਾਰਿਆਂ ਦੀਆਂ ਫ਼ਰਦਾਂ ਵੀ ਨਵੇਂ ਸਿਰੇ ਤੋਂ ਮੰਗੀਆਂ ਜਾ ਰਹੀਆਂ ਹਨ | ਨਵੇਂ ਹੱਦ ਕਰਜ਼ੇ ਬਣਨ ਮੌਕੇ ਕਿਸਾਨਾਂ ਨੂੰ ਪਹਿਲਾਂ ਸੁਸਾਇਟੀ ਦਾ ਕਰਜ਼ਾ ਮੋੜਨਾ ਹੁੰਦਾ ਹੈ, ਫਿਰ ਉਸ ਤੋਂ ਦੁਬਾਰਾ ਲੈ ਕੇ ਹੋਰ ਪਾਸੇ ਦਾ ਦੇਣ ਲੈਣ ਕਰ ਲਿਆ ਜਾਂਦਾ ਹੈ, ਜਿਸ ਨਾਲ ਕਿ ਕਿਸਾਨ ਪੈਸੇ ਨਵੇਂ ਪੁਰਾਣੇ ਕਰ ਲੈਂਦਾ ਹੈ | ਸਰਕਾਰ ਵਲੋਂ ਜਾਰੀ ਨਾਦਰਸ਼ਾਹੀ ਫ਼ਰਮਾਨ ਨਾਲ ਕਿਸਾਨ ਡਿਫਾਲਟਰ ਹੋ ਜਾਣਗੇ | ਨਵੰਬਰ ਮਹੀਨੇ ਤੋਂ ਚਾਰ ਮਹੀਨੇ ਸੈਕਟਰੀਆਂ ਕੋਲ ਜ਼ਿਆਦਾ ਕੰਮ ਨਹੀਂ ਹੁੰਦਾ, ਉਹ ਵਧੀਆ ਮਾਹੌਲ ਵਿਚ ਹੱਦ ਕਰਜ਼ੇ ਬਣਾ ਸਕਦੇ ਸਨ | ਹੁਣ ਕਿਸਾਨ ਆਪਣੀ ਹਾੜੀ ਦੀ ਫ਼ਸਲ ਸਾਂਭਣ ਲੱਗਾ ਹੋਇਆ ਹੈ | ਹੁਣ ਉਹ ਫ਼ਰਦ ਕੇਂਦਰਾਂ ਦੀਆਂ ਲੰਬੀਆਂ ਕਤਾਰਾਂ ਵਿਚ ਖੜ੍ਹੇਗਾ, ਜਿੱਥੇ ਫ਼ਰਦ ਲੈਣ ਲਈ ਪੂਰੀ ਦਿਹਾੜੀ ਲੱਗ ਜਾਂਦੀ ਹੈ ਜਾਂ ਆਪਣੀ ਫ਼ਸਲ ਨੂੰ ਦੇਖੇਗਾ | ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸਾਨ ਹੋਣ ਦੇ ਨਾਤੇ ਸੋਚਣਾ ਚਾਹੀਦਾ ਹੈ ਕਿ ਹੁਣ ਕਿਸਾਨਾਂ ਨੇ ਫ਼ਸਲਾਂ ਦੀ ਵਢਾਈ ਦੇ ਕੰਬਾਈਨਾਂ ਵਾਲਿਆਂ ਨੂੰ ਪੈਸੇ ਦੇਣੇ ਹੁੰਦੇ ਹਨ, ਡੀਜ਼ਲ, ਤੂੜੀ ਬਣਾਉਣ ਵਾਲੇ ਨੂੰ ਆਦਿ ਅਨੇਕਾਂ ਖ਼ਰਚ ਹਨ | ਜੇਕਰ ਕਿਸਾਨ ਸੁਸਾਇਟੀਆਂ ਤੇ ਬੈਂਕਾਂ ਦੇ ਪੈਸੇ ਭਰ ਦੇਵੇਗਾ ਤਾਂ ਆਪਣੇ ਬਾਕੀ ਖਰਚੇ ਕਿੱਥੋਂ ਪੂਰੇ ਕਰੇਗਾ | ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਕਿਰਸਾਨੀ ਦੇ ਸੁਨਹਿਰੀ ਭਵਿੱਖ ਲਈ ਵੋਟਾਂ ਪਾ ਕੇ ਜਿਤਾਇਆ ਸੀ ਨਾ ਕਿ ਕਿਸਾਨਾਂ ਨੂੰ ਡਿਫਾਲਟਰ ਬਣਾਉਣ ਜਾਂ ਖੁਦਕੁਸ਼ੀਆਂ ਵਾਲੇ ਰਾਹ ਤੋਰਨ ਲਈ | ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਕੋਲ ਖ਼ੁਦ ਪੰਜਾਬ ਦਾ ਕੋਆਪਰੇਟਿਵ ਮਹਿਕਮਾ ਹੈ | ਆਪਣੇ ਦਿੱਤੇ ਹੁਕਮ ਵਾਪਸ ਲੈ ਕੇ ਬਾਅਦ ਵਿਚ ਜੂਨ ਜੁਲਾਈ ਵਿਚ ਹੱਦ ਕਰਜ਼ੇ ਬਣਾਏ ਜਾਣ ਤਾਂ ਜੋ ਕਿਸਾਨ ਆਪਣੇ ਬਾਕੀ ਕੰਮ ਧੰਦੇ ਨਿਪਟਾ ਕੇ ਨਵੇਂ ਹੱਦ ਕਰਜ਼ਿਆਂ ਲਈ ਪੈਸੇ ਜਮਾਂ ਕਰਵਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦਾ ਕਿਸਾਨ ਤਾਂ ਪਹਿਲਾਂ ਹੀ ਮਾਨਸਿਕ ਪਰੇਸ਼ਾਨੀਆਂ ਵਿਚ ਘਿਰਿਆ ਹੋਇਆ ਹੈ, ਕਦੇ ਉਸ ਦੀ ਫ਼ਸਲ ਦੀ ਸਹੀ ਮੁੱਲ ਨਹੀਂ ਮਿਲਦਾ, ਕਦੇ ਮੀਂਹ ਝੱਖੜ ਕਾਰਨ ਫ਼ਸਲ ਬਰਬਾਦ ਹੋ ਜਾਂਦੀ ਹੈ ਆਦਿ ਅਨੇਕਾਂ ਪਰੇਸ਼ਾਨੀ ਹੋਣ ਕਾਰਨ ਹੁਣ ਪੰਜਾਬ ਸਰਕਾਰ ਨੇ ਨਵਾਂ ਫ਼ਰਮਾਨ ਜਾਰੀ ਕਰ ਕੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ | ਜੇਕਰ ਪੰਜਾਬ ਸਰਕਾਰ ਨੇ ਇਹ ਹੁਕਮ ਵਾਪਸ ਨਾ ਲਏ, ਮਜਬੂਰਨ ਕਿਸਾਨਾਂ ਦੇ ਹਿਤਾਂ ਲਈ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ |