ਸਮਰਾਲਾ, 25 ਅਪ੍ਰੈਲ (ਕੁਲਵਿੰਦਰ ਸਿੰਘ)-ਨੌਜਵਾਨ ਵਰਗ ਦਾ ਆਪਣੇ ਦੇਸ਼, ਆਪਣੀ ਕੌਮ, ਆਪਣੇ ਖ਼ਿੱਤੇ ਦੇ ਵਿਕਾਸ ਲਈ ਅਹਿਮ ਯੋਗਦਾਨ ਹੁੰਦਾ ਹੈ | ਪੰਜਾਬ ਵਿਚ ਬੀਤੇ ਸਮੇਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਸਰਕਾਰਾਂ ਬਣਾਉਣ ਲਈ ਜੋ ਹੱਥਕੰਡੇ ਵਰਤੇ ਹਨ, ਉਸ ਨਾਲ ਪੰਜਾਬ ਵਿਕਾਸ ਪੱਖੋਂ ਬਹੁਤ ਪਿੱਛੇ ਚਲਾ ਗਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਹਲਕਾ ਇੰਚਾਰਜ ਨੇ ਅੱਜ ਸਥਾਨਕ ਇੱਕ ਪੈਲੇਸ ਵਿਖੇ ਸਮਰਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸੈਂਕੜਿਆਂ ਦੇ ਗਿਣਤੀ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਮੌਜੂਦਾ ਸਮੇਂ ਵਿੱਚ ਪੰਜਾਬ ਦਾ ਨੌਜਵਾਨ ਜਾਗਰੂਕ ਹੋਕੇ ਅਸਲ ਤੱਥਾਂ ਨੂੰ ਪਛਾਣ ਪੰਜਾਬ ਦੇ ਵਿਕਾਸ ਦੀ ਅਲੰਬਰਦਾਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਆਪ ਮੁਹਾਰੇ ਜੁੜ ਰਿਹਾ ਹੈ | ਅੱਜ ਪੰਜਾਬ ਦਾ ਹਰ ਨੌਜਵਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਲਈ ਤਤਪਰ ਹੈ | ਉਨ੍ਹਾਂ ਅੱਗੇ ਕਿਹਾ ਹਲਕਾ ਸਮਰਾਲਾ ਤੋਂ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਵੀਰ ਅਕਾਲੀ ਦਲ ਨਾਲ ਜੁੜ ਰਹੇ ਹਨ | ਅੱਜ ਦੀ ਮੀਟਿੰਗ ਰੱਖਣ ਦਾ ਮੁੱਖ ਕਾਰਨ ਵੀ ਇਹੋ ਸੀ ਕਿ ਵੱਖ-ਵੱਖ ਪਿੰਡਾਂ ਦੇ ਨੌਜਵਾਨ ਰੋਜ਼ਾਨਾ ਫ਼ੋਨ ਕਰ ਕੇ ਮਿਲਣ ਦਾ ਸਮਾਂ ਮੰਗ ਰਹੇ ਹਨ, ਜੋ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਨਾ ਚਾਹੁੰਦੇ ਹਨ ਅਤੇ 2027 ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਵਚਨਬੱਧ ਹਨ | ਅੱਜ ਇੱਕ ਸੱਦੇ ਉੱਤੇ ਨੌਜਵਾਨਾਂ ਦਾ ਇੰਨਾ ਵੱਡਾ ਇਕੱਠ ਇਹ ਸਾਬਤ ਕਰ ਰਿਹਾ ਹੈ ਕਿ ਅੱਜ ਦਾ ਨੌਜਵਾਨ ਦੂਜੀਆਂ ਸਿਆਸੀ ਪਾਰਟੀਆਂ ਦੇ ਹੱਥਕੰਡਿਆਂ ਨੂੰ ਪੂਰੀ ਤਰ੍ਹਾਂ ਜਾਣ ਚੁੱਕਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਹੈ | ਅੱਜ ਦੇ ਇਸ ਇਕੱਠ ਮੌਕੇ ਪਿੰਡ ਮੰਜਾਲੀਆਂ ਕਲਾਂ ਤੋਂ ਕਨਵਰਪਾਲ ਸਿੰਘ ਮੰਜਾਲੀਆਂ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਇਆ, ਜਿਨ੍ਹਾਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਮੀਟਿੰਗ ਵਿਚ ਲਿਆਉਣ ਦਾ ਉਪਰਾਲਾ ਕੀਤਾ ਹੈ | ਇਸ ਮੌਕੇ ਜਸਮੇਲ ਸਿੰਘ ਬੌਂਦਲੀ, ਡਾ. ਪਰਵਿੰਦਰ ਸਿੰਘ ਬੱਲੀ, ਹਰਜੋਤ ਸਿੰਘ ਮਾਂਗਟ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅੰਮਿ੍ਤਪਾਲ ਸਿੰਘ ਗੁਰੋਂ, ਸੁਰਿੰਦਰ ਸਿੰਘ, ਮਨੀ ਮਾਂਗਟ, ਮਨੀ ਕੋਲਾ, ਕਮਲ ਢਿੱਲੋਂ, ਅਰਸ਼ਦੀਪ ਸਿੰਘ ਰਾਏ, ਰਾਜੂ ਨਾਗਰਾ, ਸਾਹਿਲ ਜਾਤੀਵਾਲ, ਸਨੀ ਲੱਖੋਵਾਲ, ਲਿਕਨ, ਲੱਖਾ ਦਿਆਲਪੁਰਾ, ਮਨੀ, ਮਨਪ੍ਰੀਤ ਸਿੰਘ ਸਰਪੰਚ ਹਰਬੰਸਪੁਰਾ, ਨਵੀ ਇਰਾਕ, ਪਰਮ ਮਾਛੀਵਾੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਰਕਰ, ਅਹੁਦੇਦਾਰ ਅਤੇ ਸੀਨੀਅਰ ਆਗੂ ਹਾਜ਼ਰ ਸਨ |