01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਦੀਨ ਨਾਸ਼ਕ ਦੇ ਸਪਰੇਅ ਨਾਲ ਕਿਸਾਨ ਦੀ ਸਾਢੇ 4 ਏਕੜ ਮੱਕੀ ਦੀ ਫ਼ਸਲ ਤਬਾਹ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੰਘਰਸ਼ ਦਾ ਅਲਟੀਮੇਟਮ

Ad Position 21
No active advertisement
ਅਜੀਤ ਡੈਸਕ 28-04-2026

ਸਮਰਾਲਾ, 27 ਅਪ੍ਰੈਲ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਸਿਹਾਲਾ ਦੇ ਇਕ ਕਿਸਾਨ ਬਲਵੀਰ ਸਿੰਘ ਵਲੋਂ ਆਪਣੀ ਮੱਕੀ ਦੀ ਫ਼ਸਲ 'ਤੇ ਨਦੀਨ ਨਾਸ਼ਕ ਦਵਾਈ ਦੇ ਸਪਰੇਅ ਕਰਨ ਤੋਂ ਬਾਅਦ ਉਸ ਦੀ ਸਾਢੇ 4 ਏਕੜ ਮੱਕੀ ਦੀ ਖੜੀ ਫ਼ਸਲ ਤਬਾਹ ਹੋਣ ਦੇ ਮਾਮਲੇ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦਵਾਈਆਂ ਬਣਾਉਣ ਵਾਲੀ ਕੰਪਨੀ ਅਤੇ ਇਸ ਦੇ ਵਿਕਰੇਤਾ ਡੀਲਰ ਵਿਰੁੱਧ ਸੰਘਰਸ਼ ਅਰੰਭਣ ਦਾ ਅਲਟੀਮੇਟਮ ਦੇ ਦਿੱਤਾ ਹੈ | ਪਿੰਡ ਸਿਹਾਲਾ ਦੇ ਕਿਸਾਨ ਬਲਵੀਰ ਸਿੰਘ ਨੇ ਪਿੰਡ ਹੇਡੋਂ ਦੇ ਇੱਕ ਡੀਲਰ ਤੋਂ ਮੱਕੀ ਦੇ ਨਦੀਨ ਨਾਸ਼ਕਾਂ ਦੀ ਦਵਾਈ ਖ਼ਰੀਦ ਕੇ ਸਪਰੇਅ ਕੀਤੀ ਸੀ | ਪਰ ਸਪਰੇਅ ਕੀਤੀ ਦਵਾਈ ਨੇ ਉਸ ਦੀ ਮੱਕੀ ਦੀ ਫ਼ਸਲ ਪੂਰੀ ਤਰਾਂ ਹੀ ਤਬਾਹ ਕਰ ਦਿੱਤੀ ਹੈ, ਜਿਸ ਕਾਰਨ ਉਸ ਨੰੂ ਮਜਬੂਰਨ ਤਬਾਹ ਹੋਈ ਫ਼ਸਲ ਨੂੰ ਵਾਹੁਣਾ ਪੈ ਰਿਹਾ ਹੈ | ਇਸ ਮੌਕੇ 'ਤੇ ਆਪਣੀ ਜਥੇਬੰਦੀ ਦੇ ਮੈਂਬਰ ਨਾਲ ਪਿੰਡ ਸਿਹਾਲਾ ਵਿਖੇ ਕਿਸਾਨ ਬਲਵੀਰ ਸਿੰਘ ਦੇ ਖੇਤਾਂ ਵਿਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਕੁੱਝ ਪੈਸਟੀਸਾਈਡ ਵਿਕਰੇਤਾ ਬਿਨਾਂ ਡਿਗਰੀ ਪ੍ਰਾਪਤ ਕੀਤੇ ਦਵਾਈਆਂ ਵੇਚ ਰਹੇ ਹਨ ਜੋ ਕਿ ਗੈਰ ਕਾਨੂੰਨੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਆਰਥਿਕ ਘਾਟੇ ਵੱਲ ਜਾ ਰਹੀ ਹੈ ਅਤੇ ਅਜਿਹੇ ਡੀਲਰਾਂ ਦੀ ਲਾਪਰਵਾਹੀ ਕਾਰਨ ਬਲਵੀਰ ਸਿੰਘ ਦੀ ਫ਼ਸਲ ਬਿਲਕੁਲ ਹੀ ਤਬਾਹ ਹੋ ਗਈ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਕੇ ਦਵਾਈ ਬਣਾਉਣ ਵਾਲੀ ਕੰਪਨੀ ਦੇ ਪ੍ਰਬੰਧਕਾਂ ਅਤੇ ਡੀਲਰ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਜੇਕਰ ਕਿਸਾਨ ਦਾ 5 ਲੱਖ ਰੁਪਏ ਦਾ ਨੁਕਸਾਨ ਦੀ ਪੂਰਤੀ ਨਾ ਕੀਤੀ ਗਈ ਤਾਂ ਜਥੇਬੰਦੀ ਸੜਕਾਂ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਗਿਆਸਪੁਰਾ ਨੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਪੀੜਤ ਕਿਸਾਨ ਬਲਵੀਰ ਸਿੰਘ ਦਾ ਜੋ 5 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕਿਹਾ ਜਥੇਬੰਦੀ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਵੀ ਲਿਖਤੀ ਰੂਪ ਵਿਚ ਕਾਰਵਾਈ ਲਈ ਭੇਜ ਰਹੀ ਹੈ ਪਰ ਜੇਕਰ ਫਿਰ ਵੀ ਅਧਿਕਾਰੀਆਂ ਨੇ ਕੰਪਨੀ ਦੇ ਮਾਲਕ ਅਤੇ ਡੀਲਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਬਜਾਏ ਖਾਨਾ ਪੂਰਤੀ ਲਈ ਕਾਗ਼ਜ਼ੀ ਕਾਰਵਾਈ ਕਰ ਕੇ ਮਾਮਲੇ ਨੂੰ ਰਫਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਯੂਨੀਅਨ ਕਾਦੀਆਂ ਵੱਡਾ ਸੰਘਰਸ਼ ਕਰਨ ਲਈ ਤਿਆਰ ਹੈ | ਇਸ ਮੌਕੇ 'ਤੇ ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਮੱਕੀ ਦੀ ਫ਼ਸਲ 'ਤੇ ਕੀਟਨਾਸ਼ਕ ਸਪਰੇਅ ਕਰਨ ਲਈ ਇੱਕ ਪੈਸਟੀਸਾਈਡ ਵਿਕਰੇਤਾ ਤੋਂ ਦਵਾਈ ਖਰੀਦੀ ਸੀ ਅਤੇ ਜਦੋਂ ਉਸ ਨੇ ਸਪਰੇਅ ਕੀਤੀ ਤਾਂ ਉਸ ਤੋਂ ਬਾਅਦ 6 ਦਿਨਾਂ ਦੇ ਅੰਦਰ ਹੀ ਸਾਢੇ ਚਾਰ ਏਕੜ ਮੱਕੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ | ਬਲਵੀਰ ਸਿੰਘ ਨੇ ਕਿਹਾ ਕਿ ਉਸ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਸਰਕਾਰ ਉਸ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਆਰਥਿਕ ਸਹਾਇਤਾ ਕਰੇ | ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਕੀਟਨਾਸ਼ਕ ਦਵਾਈ ਦੀ ਸਪਰੇਅ ਤੋਂ ਬਾਅਦ ਕਿਸਾਨ ਬਲਵੀਰ ਸਿੰਘ ਦੀ ਖ਼ਰਾਬ ਹੋਈ ਫ਼ਸਲ ਦੇ ਮੌਕੇ 'ਤੇ ਪਹੁੰਚ ਕਿ ਸੈਂਪਲ ਲਏ ਗਏ ਹਨ | ਉਨ੍ਹਾਂ ਕਿਹਾ ਕਿ ਇਹ ਸੈਂਪਲ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜ ਦਿੱਤੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਫ਼ਸਲ ਖ਼ਰਾਬ ਹੋਣ ਦੇ ਕੀ ਕਾਰਨ ਹਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 6 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਕਾਬੂ ਅਗਲੀ ਖ਼ਬਰ ਖੰਨਾ 'ਚ ਬਿਨਾਂ ਜਾਂਚ ਕਿਰਾਏਦਾਰ ਰੱਖਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ, ਦੋ ਮਕਾਨ ਮਾਲਕ ਗਿ੍ਫ਼ਤਾਰ ਐੱਸ. ਐੱਸ. ਪੀ. ਡਾ...
Ad Position 24