ਦੋਰਾਹਾ, 27 ਅਪ੍ਰੈਲ (ਪੱਤਰ ਪ੍ਰੇਰਕ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਕਰਮਚਾਰੀ ਕੇਵਲ ਸਿੰਘ 18 ਅਪ੍ਰੈਲ 2026 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਗੁਰੂ ਨਾਨਕ ਨੈਸ਼ਨਲ ਕਾਲਜ ਨੂੰ ਆਪਣੀਆਂ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕੀਤੀਆਂ | ਉਨ੍ਹਾਂ ਨੇ 11 ਜੂਨ, 2002 17 ਅਪ੍ਰੈਲ, 2026 ਤੱਕ ਲਗਭਗ 24 ਸਾਲ ਨਿਰੰਤਰ ਆਪਣੀਆਂ ਸੇਵਾਵਾਂ ਕਾਲਜ ਨੂੰ ਦਿੱਤੀਆਂ | ਪੱਕੇ ਤੌਰ 'ਤੇ ਨਿਯੁਕਤੀ ਪ੍ਰਾਪਤ ਕਰਨ ਤੋਂ ਪਹਿਲਾਂ ਵੀ ਉਹ ਕਈ ਸਾਲ ਕੱਚੇ ਮੁਲਾਜ਼ਮ ਵਜੋਂ ਕਾਲਜ ਵਿੱਚ ਕੰਮ ਕਰਦੇ ਰਹੇ | ਆਪਣੇ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਪੂਰੀ ਮਿਹਨਤ ਅਤੇ ਸਮਰਪਣ ਨਾਲ਼ ਕਾਲਜ ਦੇ ਹਰ ਕੰਮ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਕਾਲਜ ਦੇ ਡਾ. ਈਸ਼ਵਰ ਸਿੰਘ ਯਾਦਗਾਰੀ ਹਾਲ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਸੰਪੂਰਨ ਕੀਤੀ ਗਈ | ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਜਨਰਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਕੌਰ ਬਰਾੜ, ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਿੱਛੜੀ ਆਤਮਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |