ਖੰਨਾ, 2 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਐਲਾਨ ਕੀਤਾ ਗਿਆ ਸੀ ਪਰ ਮੌਸਮ ਦੇ ਵਿਚ ਨਮੀ ਹੋਣ ਕਾਰਨ ਮੰਡੀਆਂ 'ਚ ਫ਼ਸਲ ਦੇਰ ਨਾਲ ਆਉਣੀ ਸ਼ੁਰੂ ਹੋਈ | ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ 'ਚ ਫ਼ਸਲ ਦੀ ਖ਼ਰੀਦ ਦੀ ਰਸਮੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਖੰਨਾ ਮੰਡੀ 'ਚ 9 ਲੱਖ 8 ਕੁਇੰਟਲ ਯਾਨੀ 18 ਲੱਖ 16 ਹਜ਼ਾਰ ਬੋਰੀਆਂ ਕਣਕ ਮੰਡੀ 'ਚ ਆ ਚੁੱਕੀਆਂ ਹਨ ਅਤੇ ਇੰਨਾ ਦੀ ਖ਼ਰੀਦ ਵੀ ਹੋ ਚੁੱਕੀ ਹੈ | ਜਦੋਂ ਕਿ ਪਿਛਲੇ ਸਾਲ ਮੰਡੀ ਵਿੱਚ 10 ਲੱਖ 14 ਕੁਇੰਟਲ ਯਾਨੀ ਕਿ 20 ਲੱਖ 28 ਬੋਰੀਆਂ ਮੰਡੀ ਵਿੱਚ ਪਹੁੰਚੀਆਂ ਸੀ, ਇਹ ਸਾਲ ਖੰਨਾ ਮੰਡੀ ਵਿੱਚ ਨਿੱਜੀ ਵਪਾਰੀਆਂ ਵਲੋਂ ਇਕ ਲੱਖ 34 ਕੁਇੰਟਲ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ ਅਤੇ ਲਗਭਗ 85 ਫ਼ੀਸਦੀ ਤੋਂ ਜ਼ਿਆਦਾ ਫ਼ਸਲ ਮੰਡੀ 'ਚੋਂ ਚੁੱਕੀ ਗਈ ਹੈ ਇਸ ਵਾਰ ਫ਼ਸਲ ਦੀ ਆਮਦ ਘੱਟ ਆਉਣ ਬਾਰੇ ਮਾਰਕੀਟ ਕਮੇਟੀ ਦੇ ਸੈਕਟਰੀ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਵਲੋਂ ਮੱਕੀ ਅਤੇ ਆਲੂ ਦੀ ਫ਼ਸਲ ਜ਼ਿਆਦਾ ਲਗਾਈ ਗਈ ਸੀ ਦੂਸਰੀ ਮੌਸਮ ਦੀ ਮਾਰ ਪੈਣ ਕਾਰਨ ਕਣਕ ਦਾ ਝਾੜ ਘੱਟ ਨਿਕਲਿਆ ਹੈ | ਜਿਸ ਕਾਰਨ ਮੰਡੀ ਦੇ ਵਿੱਚ ਫ਼ਸਲ ਘੱਟ ਆਈ ਹੈ ਹੁਣ ਸਿਰਫ਼ ਇੱਕ ਜਾਂ ਦੋ ਫ਼ੀਸਦੀ ਫ਼ਸਲ ਹੀ ਮੰਡੀ 'ਚ ਹੋਰ ਆਵੇਗੀ | ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਇਸ ਵਾਰ ਨਿੱਜੀ ਵਪਾਰੀਆਂ ਵਲੋਂ ਕਣਕ ਦੀ ਖਰੀਦ ਘੱਟ ਕੀਤੀ ਗਈ ਹੈ ਪਰ ਸੀਜ਼ਨ ਇਸ ਵਾਰ ਜਲਦੀ ਖ਼ਤਮ ਹੋ ਗਿਆ ਹੈ | ਮੰਡੀ 'ਚ ਚੁਕਾਈ ਦੀ ਸਮੱਸਿਆ ਦੀ ਗੱਲ ਸਿਰਫ਼ ਰਾਜਨੀਤਿਕ ਹੈ | ਕਿਉਂਕਿ ਮੰਡੀ ਿ'ਚ ਇਕਦਮ ਫ਼ਸਲ ਆਉਣ ਕਾਰਨ ਗਲੱਟ ਬਣ ਗਿਆ ਸੀ ਪਰ ਹੁਣ ਇੱਕ ਜਾਂ ਦੋ ਦਿਨ ਵਿਚ ਮੰਡੀ ਖਾਲੀ ਹੋ ਜਾਵੇਗੀ | ਪਿਛਲੇ ਸਾਲ ਇਹ ਸੀਜ਼ਨ 15 ਮਈ ਤੱਕ ਚਲਿਆ ਸੀ | ਉਨ੍ਹਾਂ ਕਿਹਾ ਇਸ ਵਾਰ ਕਣਕ ਦੀ ਤੇਜ਼ ਵਿੱਕਰੀ ਦਾ ਮੁੱਖ ਕਾਰਨ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਨਿਗਰਾਨੀ ਹੈ |