ਰਾਏਕੋਟ, 3 ਮਈ (ਸੁਸ਼ੀਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਮੁਕਤੀ ਤੇ ਲੋਕਾਂ ਦੇ ਸਮਾਜਿਕ-ਆਰਥਿਕ ਪੱਧਰ ਦਾ ਜਾਇਜ਼ਾ ਲੈਣ ਲਈ ਕਰਵਾਈ ਜਾ ਰਹੀ 'ਨਸ਼ਾ ਤੇ ਸਮਾਜਿਕ-ਆਰਥਿਕ ਜਨਗਣਨਾ' ਦੇ ਪਹਿਲੇ ਪੜਾਅ ਦੀ ਟ੍ਰੇਨਿੰਗ ਰਾਏਕੋਟ ਵਿਖੇ ਸਫ਼ਲਤਾਪੂਰਵਕ ਮੁਕੰਮਲ ਹੋ ਗਈ | ਇਸ ਸੰਬੰਧੀ ਐੱਸ. ਡੀ. ਐੱਮ. ਰਾਏਕੋਟ ਸ੍ਰੀ ਰਮਨਜੀਤ ਨੇ ਦੱਸਿਆ ਕਿ ਇਸ ਜਨਗਣਨਾ ਦੀ ਪਹਿਲੇ ਬੈਚ ਦੀ ਟ੍ਰੇਨਿੰਗ 30 ਅਪ੍ਰੈਲ ਨੂੰ ਸ਼ੁਰੂ ਕੀਤੀ ਗਈ ਸੀ, ਜਿਸ 'ਚ ਕੁੱਲ 100 ਗਣਨਾਕਾਰ ਤਿਆਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ?ਇਸ ਜਨਗਣਨਾ ਸਰਵੇ ਦੇ ਕੰਮ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਣਾਉਣ ਲਈ ਸਾਰੇ ਕਰਮਚਾਰੀਆਂ ਨੂੰ ਨਵੇਂ ਮੋਬਾਈਲ ਫੋਨ ਮੁਹੱਈਆ ਕਰਵਾਏ ਗਏ ਹਨ ਅਤੇ ਇਹ ਸਰਵੇ 5 ਮਈ 2026 ਤੋਂ ਰਸਮੀ ਤੌਰ 'ਤੇ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਰਵੇ ਨੂੰ ਮੁਕੰਮਲ ਕਰਨ ਲਈ ਵੱਧ ਤੋਂ ਵੱਧ 45 ਦਿਨਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ, ਜਿਸ ਦੌਰਾਨ ਹਰੇਕ ਗਣਨਾਕਾਰ ਲਗਪਗ 250 ਘਰਾਂ ਨੂੰ ਕਵਰ ਕਰੇਗਾ, ਜਿਸ ਲਈ ਸਰਕਾਰ ਵਲੋਂ ਸਰਕਾਰ ਵਲੋਂ ਗਣਨਾਕਾਰਾਂ ਨੂੰ 250 ਰੁਪਏ ਪ੍ਰਤੀ ਘਰ ਦੇ ਹਿਸਾਬ ਨਾਲ ਮਾਣਭੱਤਾ ਵੀ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਕੰਮ ਦੀ ਸੁਚਾਰੂ ਨਿਗਰਾਨੀ ਲਈ ਸੱਤ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ | ਇਸ ਸਿਖਲਾਈ ਦੌਰਾਨ ਮਾਸਟਰ ਟਰੇਨਰ ਵਜੋਂ ਕੁਲਵਿੰਦਰ ਕੌਰ ਤੇ ਕਿਰਨ ਕੌਰ ਨੇ ਕਰਮਚਾਰੀਆਂ ਨੂੰ ਸਰਵੇ ਦੀਆਂ ਬਰੀਕੀਆਂ ਤੇ ਮੋਬਾਈਲ ਐਪ ਰਾਹੀਂ ਡਾਟਾ ਇਕੱਠਾ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪੂਰੇ ਪ੍ਰਾਜੈਕਟ ਦੇ ਤਾਲਮੇਲ ਦੀ ਜ਼ਿੰਮੇਵਾਰੀ ਚੀਨਾਕਸ਼ੀ ਅਤੇ ਖੁਹਸ਼ਾਲ ਜਿੰਦਲ ਵਲੋਂ ਨਿਭਾਈ ਜਾ ਰਹੀ ਹੈ | ਐੱਸ. ਡੀ. ਐੱਮ. ਰਮਨਜੀਤ ਨੇ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਰਵੇ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨੇਪਰੇ ਚਾੜ੍ਹਨ |