ਜਗਰਾਉਂ, 3 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪਿੰਡ ਕੋਠੇ ਅੱਠ ਚੱਕ ਦਾ ਨਾਂਅ ਬਦਲਣ ਖ਼ਿਲਾਫ਼ ਸੰਘਰਸ਼ 'ਚ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪਰਿਵਾਰਾਂ ਨੇ 'ਆਪ' ਨਾਲੋਂ ਸਦਾ ਲਈ ਨਾਤਾ ਤੋੜ ਲਿਆ ਤੇ ਪਿੰਡ ਕੋਠੇ ਅੱਠ ਚੱਕ ਵਾਸੀ ਅੱਜ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ 'ਆਪ' ਸਮੱਰਥਕਾਂ ਨੇ ਝਾੜੂ ਦਾ ਸਾਥ ਛੱਡ ਕੇ ਸਾਬਕਾ ਵਿਧਾਇਕ ਐਸ. ਆਰ. ਕਲੇਰ ਨਾਲ ਡਟਕੇ ਚੱਲਣ ਦਾ ਫ਼ੈਸਲਾ ਲੈ ਲਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਪਿੰਡ ਵਾਸੀ, ਬਜ਼ੁਰਗ, ਨੌਜਵਾਨ ਤੇ ਮਹਿਲਾਵਾਂ ਹਾਜ਼ਰ ਹੋਏ, ਜਿਨ੍ਹਾਂ ਐਸ. ਆਰ. ਕਲੇਰ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ 'ਆਪ' ਦੇ ਸਾਬਕਾ ਬਲਾਕ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ਸੱਤ੍ਹਾਧਾਰੀ ਧਿਰ ਵਲੋਂ ਪਿੰਡ ਦੇ ਇਕ ਪਰਿਵਾਰ ਦਾ ਸਿਆਸੀ ਉਭਾਰ ਕਰਨ ਲਈ ਪਿੰਡ ਦਾ ਨਾਂਅ ਕੋਠੇ ਅੱਠ ਚੱਕ ਤੋਂ ਬਦਲਕੇ ਕੋਠੇ ਅੱਠ ਚੱਕ ਬਲਦੇਵ ਸਿੰਘ ਵਾਲਾ ਕਰਨ ਦੀ ਜੋ ਸਾਜਿਸ਼ ਰਚੀ ਗਈ ਸੀ, ਉਸ ਨੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖ਼ਿਲਵਾੜ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਫਾਊਾਡਰ ਮੈਂਬਰ ਸਨ, ਪਰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਉਨ੍ਹਾਂ ਨੂੰ ਧੋਖੇ 'ਚ ਰੱਖ ਕੇ ਇਹ ਸਿਆਸੀ ਬੁਣਤੀ ਬੁਣੀ, ਪਰ ਸਾਬਕਾ ਵਿਧਾਇਕ ਐਸ. ਆਰ. ਕਲੇਰ ਦੀ ਅਗਵਾਈ ਹੇਠ ਪਿੰਡ ਦੀ ਹੋਂਦ ਇਤਿਹਾਸ ਤੇ ਪਛਾਣ ਨੂੰ ਬਚਾਉਣ ਲਈ ਜੋ ਲੜਾਈ ਲੜੀ ਗਈ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣੇਗੀ | ਇਸ ਮੌਕੇ ਸਰਕਲ ਪ੍ਰਧਾਨ ਸਿਵਰਾਜ ਸਿੰਘ ਨੇ ਆਖਿਆ ਕਿ ਕਿ ਆਮ ਆਦਮੀ ਦੇ ਲੀਡਰ ਨਿੱਜੀ ਹਿੱਤਾਂ ਲਈ ਪਾਰਟੀ ਵਰਕਰਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ | ਇਸ ਮੌਕੇ ਸ੍ਰੀ ਕਲੇਰ ਨੇ ਆਖਿਆ ਕਿ ਕਿਸੇ ਵੀ ਪਿੰਡ ਦਾ ਨਾਂਅ ਸਿਰਫ਼ ਸ਼ਬਦ ਨਹੀਂ ਹੁੰਦਾ, ਸਗੋਂ ਉਸ ਨਾਲ ਪਿੰਡ ਦਾ ਇਤਿਹਾਸ, ਵਿਰਾਸਤ, ਸੱਭਿਆਚਾਰ ਤੇ ਲੋਕਾਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ | ਇਸ ਮੌਕੇ ਲੋਕਾਂ ਨੇ ਕਿਹਾ ਕਿ ਉਹ ਪਿੰਡ ਦੇ ਹੱਕਾਂ, ਇਲਾਕੇ ਦੇ ਵਿਕਾਸ ਤੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹਨ | ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਉਨ੍ਹਾਂ ਇਹ ਫ਼ੈਸਲਾ ਲਿਆ ਹੈ |