ਸਿੱਧਵਾਂ ਬੇਟ, 3 ਮਈ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸ ਆਗੂ ਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਤੇ ਸਿੱਧਵਾਂ ਬੇਟ ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ ਨੇ ਆਖਿਆ ਕਿ ਬਦਲਾਅ ਦੇ ਨਾਂਅ 'ਤੇ ਸੱਤਾ 'ਤੇ ਕਾਬਜ਼ ਹੋਈ ਮਾਨ ਸਰਕਾਰ ਹੁਣ ਤੱਕ ਸਭ ਤੋਂ ਵੱਧ ਡਰਾਮੇਬਾਜ਼ ਸਰਕਾਰ ਸਿੱਧ ਹੋਈ ਹੈ, ਜਿਸ ਨੇ ਲੱਖਾਂ ਪੰਜਾਬੀਆਂ ਦੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ | ਉਨ੍ਹਾਂ ਆਖਿਆ ਕਿ ਸਭ ਤੋਂ ਵੱਡਾ ਨੁਕਸਾਨ ਇਸ ਸਰਕਾਰ ਨੇ ਉਨ੍ਹਾਂ ਦਲਿਤ ਭਾਈਚਾਰੇ ਦਾ ਕੀਤਾ ਹੈ, ਜਿਨ੍ਹਾਂ ਨੇ ਇਸ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਇਸ ਲਈ ਬਟਨ ਦਬਾਇਆ ਕਿ ਸ਼ਾਇਦ ਇਹ ਗਰੀਬਾਂ ਦਾ ਝਾੜੂ ਹੀ ਹੈ, ਪਰ ਸਰਕਾਰ ਨੇ ਚਾਰ ਸਾਲਾਂ ਵਿਚ ਮਨਰੇਗਾਂ ਮਜ਼ਦੂਰਾਂ ਦੀ ਗੱਲ ਤੱਕ ਨਹੀਂ ਸੁਣੀ ਅਤੇ ਨਾ ਹੀ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ, ਪਰ 'ਆਪ' ਪਾਰਟੀ ਇਨ੍ਹਾਂ ਮਨਰੇਗਾ ਮਜ਼ਦੂਰਾਂ ਨੂੰ ਆਪਣੀਆਂ ਰੈਲੀਆਂ 'ਤੇ ਜ਼ਰੂਰ ਲਿਜਾਂਦੀ ਰਹੀ | ਉਕਤ ਆਗੂਆਂ ਨੇ ਆਖਿਆ ਕਿ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਇਸ ਝਾੜੂ ਨਾਲ ਪੈਸੇ ਇਕੱਠੇ ਕਰਨ ਦਾ ਵੀ ਰਿਕਾਰਡ ਕਾਇਮ ਕੀਤਾ, ਕਿਉਂਕਿ ਇਸ ਦੇ ਕਈ ਵਿਧਾਇਕਾਂ 'ਤੇ ਪੈਸੇ ਤੇ ਲੋਕਾਂ ਦੀਆਂ ਜ਼ਮੀਨਾਂ, ਟਰਾਲੀਆਂ ਹੜੱਪਣ ਦੇ ਵੀ ਇਲਜ਼ਾਮ ਲੱਗ ਰਹੇ ਹਨ | ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕਾ ਦਾਖਾ ਅੰਦਰ ਮਾਨ ਸਰਕਾਰ ਨੇ ਜਿਨ੍ਹਾਂ ਵਿਕਾਸ ਆਪਣੇ ਰਾਜਕਾਲ ਦੇ 50 ਮਹੀਨਿਆਂ ਦੌਰਾਨ ਕੀਤਾ, ਉਨ੍ਹਾਂ ਵਿਕਾਸ ਤਾਂ ਸਾਡੀ ਪਾਰਟੀ ਦੇ ਸੂਬਾ ਜਰਨਲ ਸਕੱਤਰ ਤੇ ਹਲਕਾ ਇੰਚਾਰਜ਼ ਕੈਪਟਨ ਸੰਧੂ ਨੇ ਕਾਂਗਰਸ ਸਰਕਾਰ ਦੇ ਪਿਛਲੇ ਤਿੰਨ-ਚਾਰ ਮਹੀਨਿਆਂ ਵਿਚ ਹੀ ਕਰ ਦਿੱਤਾ ਸੀ | ਉਨ੍ਹਾਂ ਦਰਿਆ ਸਤਲੁਜ ਲਾਗਲੇ ਪਿੰਡਾਂ 'ਚ ਸੀਵਰੇਜ ਪਵਾ ਕੇ ਲੋਕਾਂ ਨੂੰ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ | ਉਨ੍ਹਾਂ ਆਖਿਆ ਕਿ ਹਲਕੇ 'ਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਪਾਰਟੀ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਤੋਂ ਵੱਡੀ ਲੀਡ ਨਾਲ ਚੋਣ ਜਿੱਤ ਕੇ ਇਤਿਹਾਸ ਰਚਣਗੇ | ਉਨ੍ਹਾਂ ਜ਼ਮੀਨੀ ਪੱਧਰ 'ਤੇ ਕੰੰਮ ਕਰ ਰਹੇ ਵਰਕਰਾਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ |