01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਖੰਨਾ ਸਰਕਾਰੀ ਹਸਪਤਾਲ ਬਣਿਆ ਸਟੈਮੀ ਦੇ ਇਲਾਜ ਵਿਚ ਪੰਜਾਬ ਦਾ ਨੰਬਰ-1 ਸਬ ਡਵੀਜ਼ਨ ਕੇਂਦਰ

Ad Position 21
No active advertisement
ਅਜੀਤ ਡੈਸਕ 05-05-2026
ਖੰਨਾ, 4 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਸਿਹਤ ਨੀਤੀਆਂ ਤੇ ਸਿਹਤ ਕ੍ਰਾਂਤੀ ਦੇ ਸੁਪਨੇ ਨੂੰ ਸਾਕਾਰ ਕਰਦੇ ਹੋਏ ਖੰਨਾ ਦੇ ਸਰਕਾਰੀ ਹਸਪਤਾਲ ਨੇ ਇਕ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ ਤੇ ਸੂਬੇ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਰਿਹਾ ਹੈ | ਦਿਲ ਦੇ ਦੌਰੇ (ਸਟੈਮੀ) ਦੇ ਇਲਾਜ ਵਿਚ ਇਸ ਹਸਪਤਾਲ ਨੇ ਪਿਛਲੇ ਕਰੀਬ ਤਿੰਨ ਸਾਲਾਂ ਦੌਰਾਨ 100 ਮਰੀਜ਼ਾਂ ਦੀ ਜਾਨ ਬਚਾ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ | ਇਸ ਮਹੱਤਵਪੂਰਨ ਉਪਲਬਧੀ ਨਾਲ ਖੰਨਾ ਸਰਕਾਰੀ ਹਸਪਤਾਲ ਨੂੰ ਪੰਜਾਬ ਦਾ ਨੰਬਰ-1 ਸਟੈਮੀ ਇਲਾਜ ਕੇਂਦਰ ਮੰਨਿਆ ਜਾ ਰਿਹਾ ਹੈ | ਇਸ ਵੱਡੀ ਸਫਲਤਾ ਦੇ ਮੌਕੇ 'ਤੇ ਹਸਪਤਾਲ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ | ਐੱਸ. ਐੱਮ. ਓ ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਕੇਕ ਕੱਟ ਕੇ ਇਸ ਉਪਲਬਧੀ ਦਾ ਜਸ਼ਨ ਮਨਾਇਆ ਗਿਆ, ਜਿਸ ਵਿਚ ਹਸਪਤਾਲ ਦੇ ਸਮੂਹ ਡਾਕਟਰਾਂ ਤੇ ਸਟਾਫ਼ ਨੇ ਭਾਗ ਲਿਆ ਅਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਸੰਬੰਧੀ ਐੱਸ. ਐੱਮ. ਓ ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਇਹ ਪ੍ਰਾਜੈਕਟ ਪਹਿਲਾਂ ਆਈ. ਸੀ. ਐਮ. ਆਰ. ਦੇ ਅਧੀਨ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਪੰਜਾਬ ਸਰਕਾਰ ਵਲੋਂ ਇਸ ਨੂੰ ਮਿਸ਼ਨ ਅੰਮਿ੍ਤ ਤਹਿਤ ਬਹੁਤ ਹੀ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ | ਡਾ. ਮਨਿੰਦਰ ਭਸੀਨ ਨੇ ਅੱਗੇ ਦੱਸਿਆ ਕਿ ਇਸ ਮਿਸ਼ਨ ਤਹਿਤ ਦਿਲ ਦੇ ਦੌਰੇ ਨਾਲ ਪੀੜਤ ਮਰੀਜ਼ਾਂ ਨੂੰ 35 ਤੋਂ 40 ਹਜ਼ਾਰ ਰੁਪਏ ਦੀ ਕੀਮਤ ਵਾਲਾ ਜੀਵਨ ਰੱਖਿਆ ਟੀਕਾ (ਟਿਨੈਕਟਿਪਲੇਸ) ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ | ਇਸ ਪ੍ਰਾਜੈਕਟ ਦੇ ਪਿ੍ੰਸੀਪਲ ਇਨਵੇਸਟੀਗੇਟਰ ਡੀ. ਐਮ. ਸੀ. ਦੇ ਮਸ਼ਹੂਰ ਕਾਰਡੀਓਲੋਜਿਸਟ ਡਾ. ਵਿਸ਼ਵ ਮੋਹਨ ਹਨ, ਜਿਨ੍ਹਾਂ ਦੀ ਮੈਡੀਕਲ ਮਾਰਗਦਰਸ਼ਨ ਹੇਠ ਇਸ ਯੋਜਨਾ ਨੂੰ ਹੋਰ ਮਜ਼ਬੂਤੀ ਮਿਲੀ ਹੈ | ਹਸਪਤਾਲ ਦੀ ਇਸ ਕਾਮਯਾਬੀ ਦੇ ਪਿੱਛੇ ਇਕ ਮਜ਼ਬੂਤ ਤੇ ਸਮਰਪਿਤ ਮੈਡੀਕਲ ਟੀਮ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ | ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਉਨ੍ਹਾਂ ਦੀ ਬਣਾਈ ਟੀਮ ਨੂੰ ਮੈਡੀਸਿਨ ਸਪੈਸ਼ਲਿਸਟ ਡਾ. ਸ਼ਾਇਨੀ ਅਗਰਵਾਲ ਲੀਡ ਕਰ ਰਹੇ ਹਨ | ਉਨ੍ਹਾਂ ਦੇ ਨਾਲ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਆਕਾਸ਼, ਡਾ. ਫਰੈਂਕੀ, ਡਾ. ਨਵਦੀਪ ਜੱਸਲ, ਡਾ. ਤਾਰਿਕਾ, ਡਾ. ਤਾਰਿਤ ਬੈਰੀ, ਨਰਸਿੰਗ ਸਿਸਟਰ ਕੁਲਵੀਰ ਕੌਰ ਅਤੇ ਐਮਰਜੈਂਸੀ ਦੀਆਂ ਹੋਰ ਸਟਾਫ਼ ਨਰਸਾਂ ਲਗਾਤਾਰ ਮਰੀਜ਼ਾਂ ਦੀ ਸੇਵਾ ਵਿਚ ਜੁਟੇ ਹੋਏ ਹਨ | ਇਸ ਟੀਮ ਦੀ ਮਿਹਨਤ, ਤਜਰਬੇ ਅਤੇ ਸਮੇਂ 'ਤੇ ਕੀਤੀ ਕਾਰਵਾਈ ਨੇ ਹੀ 100 ਤੋਂ ਵੱਧ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ | ਡਾ. ਮਨਿੰਦਰ ਭਸੀਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਛਾਤੀ ਵਿਚ ਦਰਦ ਜਾਂ ਦਿਲ ਨਾਲ ਸੰਬੰਧਿਤ ਕੋਈ ਵੀ ਲੱਛਣ ਮਹਿਸੂਸ ਹੁੰਦੇ ਹਨ, ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਵਿਚ ਪਹੁੰਚਣ | ਜੇਕਰ ਮਰੀਜ਼ ਨੂੰ ਸਟੈਮੀ ਦੀ ਪੁਸ਼ਟੀ ਹੁੰਦੀ ਹੈ, ਤਾਂ ਮੁਫ਼ਤ ਜੀਵਨ ਰੱਖਿਆ ਟੀਕਾ ਲਗਾ ਕੇ ਮਰੀਜ਼ ਨੂੰ ਅੱਗੇ ਦੇ ਇਲਾਜ ਲਈ ਡੀ. ਐਮ. ਸੀ. ਲੁਧਿਆਣਾ ਜਾਂ ਸੈਕਟਰ-32 ਚੰਡੀਗੜ੍ਹ ਦੇ ਉੱਚ ਸਿਹਤ ਕੇਂਦਰਾਂ ਵਿਚ ਰੈਫ਼ਰ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਟੀਕੇ ਨੂੰ ਛਾਤੀ ਦਰਦ ਸ਼ੁਰੂ ਹੋਣ ਤੋਂ ਬਾਅਦ 6 ਘੰਟੇ ਦਰਮਿਆਨ ਲਗਾਉਣਾ ਜ਼ਰੂਰੀ ਹੁੰਦਾ ਹੈ | ਇਹ ਉਪਲਬਧੀ ਸਿਰਫ਼ ਖੰਨਾ ਹਸਪਤਾਲ ਦੀ ਨਹੀਂ, ਸਗੋਂ ਪੰਜਾਬ ਸਰਕਾਰ ਦੀ ਉਸ ਦੂਰ-ਦਰਸ਼ੀ ਸੋਚ ਦਾ ਨਤੀਜਾ ਹੈ, ਜਿਸ ਦਾ ਮਕਸਦ ਹਰ ਨਾਗਰਿਕ ਤੱਕ ਉੱਚ ਗੁਣਵੱਤਾ ਵਾਲੀ ਸਿਹਤ ਸੇਵਾਵਾਂ ਪਹੁੰਚਾਉਣਾ ਹੈ | ਖੰਨਾ ਸਰਕਾਰੀ ਹਸਪਤਾਲ ਦੀ ਇਹ ਸਫਲਤਾ ਹੋਰ ਹਸਪਤਾਲਾਂ ਲਈ ਵੀ ਪੇ੍ਰਰਨਾ ਸਰੋਤ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਦੀ ਖ਼ੁਸ਼ੀ ਵਿਚ ਪਾਰਟੀ ਸਮਰਾਲਾ 'ਚ ਲੱਡੂ ਵੰਡੇ
Ad Position 24