ਡੇਹਲੋਂ, 4 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਆਤਮ-ਰੱਖਿਆ ਕੌਸ਼ਲਾਂ ਨੂੰ ਉਤਸ਼ਾਹਿਤ ਕਰਨ ਲਈ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਮਰਹੂਮ ਦੇਵਰਾਜ ਸੋਫਤ ਯਾਦਗਾਰੀ ਮਾਰਸ਼ਲ ਆਰਟਸ ਤੇ ਸ਼ੂਟਿੰਗ ਰੇਂਜ ਹਾਲ ਦਾ ਉਦਘਾਟਨ ਕੀਤਾ | ਇਸ ਸਮੇਂ ਸੰਸਥਾ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਸੋਫਤ, ਪ੍ਰਧਾਨ ਐਡਵੋਕੇਟ ਸੰਜੇ ਢੰਡ ਤੇ ਐੱਮ. ਡੀ. ਸਪਨਾ ਢੰਡ ਵਲੋਂ ਰਿਬਨ ਕੱਟ ਕੇ ਹਾਲ ਦੀ ਸ਼ੁਰੂਆਤ ਕੀਤੀ ਗਈ | ਇਸ ਸਮੇਂ ਸਵ. ਦੇਵਰਾਜ ਸੋਫਤ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਹ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਸੰਸਥਾਪਕ ਚੇਅਰਮੈਨ ਅਤੇ ਇਕ ਦੂਰ-ਦਰਸ਼ੀ ਸਿੱਖਿਅਕ ਸਨ, ਜਿਨ੍ਹਾਂ ਦਾ ਸੁਪਨਾ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਸੀ | ਸਕੂਲ ਪ੍ਰਬੰਧਕਾਂ ਨੇ ਦੱਸਿਆਂ ਕਿ ਇਹ ਹਾਲ ਵਿਦਿਆਰਥੀਆਂ ਲਈ ਮਾਰਸ਼ਲ ਆਰਟਸ ਦੀ ਪ੍ਰੈਕਟਿਸ, ਮੁਕਾਬਲੇ ਅਤੇ ਸ਼ੂਟਿੰਗ ਦੀ ਸਿਖਲਾਈ ਲਈ ਵਰਤਿਆ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅੱਗੇ ਵਧਣ ਦੇ ਮੌਕੇ ਮਿਲਣਗੇ | ਸਕੂਲ ਪਿ੍ੰਸੀਪਲ ਬਿਪਨ ਸੇਠੀ ਨੇ ਕਿਹਾ ਕਿ ਇਹ ਹਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ | ਮੈਨੇਜਮੈਂਟ ਮੈਂਬਰਾਂ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿਚ ਹੋਰ ਖੇਡ ਸਹੂਲਤਾਂ ਅਤੇ ਉੱਚ ਪੱਧਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ | ਇਸ ਸਮੇਂ ਕੋਆਰਡੀਨੇਟਰ ਰਮਨਦੀਪ ਕੌਰ, ਰਜਨੀ ਕਪਿਲਾ, ਸਰੀਰਕ ਸਿੱਖਿਆ ਅਧਿਆਪਕ ਹਰਪ੍ਰੀਤ ਕੌਰ, ਮਿਸਟਰ ਅਮਨਦੀਪ ਸਿੰਘ, ਹਰਪਾਲ ਕੌਰ, ਸੁਖਵੀਰ ਸਿੰਘ ਅਤੇ ਗੁਰਦੀਪ ਸਿੰਘ ਵੀ ਹਾਜ਼ਰ ਸਨ |