ਅਹਿਮਦਗੜ੍ਹ, 13 ਮਈ (ਰਵਿੰਦਰ ਪੁਰੀ)-ਹਲਕਾ ਅਮਰਗੜ੍ਹ ਦੇ ਸਰਗਰਮ ਕਾਂਗਰਸ ਆਗੂ ਕਮਲ ਧਾਲੀਵਾਲ ਵਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਉਨ੍ਹਾਂ ਦੀ ਸ਼ਿਮਲਾ ਰਿਹਾਇਸ਼ ਵਿਖੇ ਬੇਹੱਦ ਸਾਰਥਿਕ ਅਤੇ ਨਿੱਘੀ ਮੁਲਾਕਾਤ ਕੀਤੀ ਗਈ | ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਾਂਗਰਸ ਆਗੂ ਕਮਲ ਧਾਲੀਵਾਲ ਨੇ ਆਖਿਆ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਸੁਖਵਿੰਦਰ ਸਿੰਘ ਸੁੱਖੂ ਅਤੇ ਉਨ੍ਹਾਂ ਦੀ ਧਰਮ ਪਤਨੀ ਵਿਧਾਇਕਾ ਕਮਲੇਸ਼ ਠਾਕੁਰ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਪਰਿਵਾਰਕ ਲੰਚ ਦੌਰਾਨ ਵੱਖ-ਵੱਖ ਅਹਿਮ ਰਾਜਨੀਤਿਕ ਮੁੱਦਿਆਂ 'ਤੇ ਡੁੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਵਲੋਂ ਮਿਲੇ ਪਰਿਵਾਰਕ ਨਿੱਘ, ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਲੰਬੇ ਸਿਆਸੀ ਤਜਰਬੇ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜੋ ਮੇਰੇ ਲਈ ਹਮੇਸ਼ਾ ਪ੍ਰੇਰਨਾਦਾਇਕ ਰਹੇਗਾ | ਉਨ੍ਹਾਂ ਵਲੋਂ ਰਾਜਨੀਤੀ ਬਾਰੇ ਦੱਸੇ ਗਏ ਸਕਾਰਾਤਮਿਕ ਅਤੇ ਸਹੀ ਮਾਰਗ ਦਰਸ਼ਨ ਵਾਲੇ ਵਿਚਾਰਾਂ ਲਈ ਮੈਂ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ | ਸਾਡੀ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹਮੇਸ਼ਾ ਆਪਣੇ ਆਗੂਆਂ ਤੇ ਵਰਕਰਾਂ ਦਾ ਸਤਿਕਾਰ ਕਰਨਾ ਹੈ | ਇਸ ਮੌਕੇ ਪ੍ਰਧਾਨ ਪਿ੍ੰਸ ਜੋਸ਼ੀ ਰੌਕੀ,ਜ਼ਿਲ੍ਹਾ ਚੇਅਰਮੈਨ ਐੱਸ. ਸੀ. ਸੈੱਲ ਗੁਰਪ੍ਰੀਤ ਸਿੰਘ ਬਾਬਾ, ਅਮਰਿੰਦਰ ਭੁੱਲਰ, ਲਖਵੀਰ ਸਿੰਘ ਨਿੱਕਾ, ਹਰਪ੍ਰੀਤ ਸੋਹੀ ਬਾਗੜੀਆਂ, ਬੱਬਲੂ ਮਾਹੋਰਾਣਾ, ਬਲਵੰਤ ਭੱਟੀ, ਸਾਬਕਾ ਪੰਚ ਰੂਪ ਸਿੰਘ ਤੇ ਜਸਪਾਲ ਲਾਡੇਵਾਲ ਤੋਂ ਇਲਾਵਾ ਹੋਰ ਵੀ ਕਾਂਗਰਸ ਵਰਕਰ ਹਾਜ਼ਰ ਸਨ |