ਕੁਹਾੜਾ, 13 ਮਈ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁੱਢੇਵਾਲ ਦੇ 40 ਸ਼ਾਨਦਾਰ ਵਰ੍ਹੇ ਪੂਰੇ ਹੋਣ 'ਤੇ ਰੂਬੀ-ਜੁਬਲੀ ਸਮਾਰੋਹ ਬੁੱਢੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ | ਸਭ ਤੋਂ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਉਸ ਤੋਂ ਉਪਰੰਤ ਸਕੂਲ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਰਸਭਿੰਨਾ ਸ਼ਬਦ ਕੀਰਤਨ ਕੀਤਾ ਗਿਆ | ਪਿ੍ੰਸੀਪਲ ਅਮਰਦੀਪ ਕੌਰ ਗਿੱਲ ਵਲੋਂ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ 12 ਮਈ, 1986 'ਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁੱਢੇਵਾਲ ਦੀ ਸਥਾਪਨਾ ਵਿਚ ਸੈਕਟਰੀ ਆਤਮਾ ਸਿੰਘ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਸਦਕਾ ਇੱਕ ਪਛੜੇ ਇਲਾਕੇ ਦੇ ਬੱਚਿਆਂ ਲਈ ਵਿੱਦਿਆ ਦਾ ਚਾਨਣ ਫੈਲਾਇਆ ਗਿਆ | ਉਨ੍ਹਾਂ ਆਪਣੇ ਭਾਸ਼ਣ ਦੌਰਾਨ ਸਕੂਲ ਦੇ 40 ਸਾਲਾਂ ਦੇ ਸ਼ਾਨਦਾਰ ਸਫ਼ਰ ਬਾਰੇ ਚਾਨਣਾ ਪਾਇਆ ਅਤੇ ਸਕੂਲ ਦੀਆਂ ਉਪਲਬਧੀਆਂ ਨੂੰ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਸਕੂਲ ਦੀ ਬੁੱਢੇਵਾਲ ਬਰਾਂਚ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਹਜ਼ਾਰਾਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਕੇ ਸਮਾਜ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ | ਇਸ ਮੌਕੇ ਪਿਛਲੇ ਵਰ੍ਹੇ ਅਕਾਦਮਿਕ ਅਤੇ ਧਾਰਮਿਕ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਅਮਰਦੀਪ ਕੌਰ ਗਿੱਲ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਸਰਟੀਫਿਕੇਟ, ਮੋਮੈਂਟੋ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਵੀਰ ਸਿੰਘ ਗਿੱਲ, ਕੁਲਦੀਪ ਸਿੰਘ, ਸੈਕਟਰੀ ਰਾਜਵੰਤ ਸਿੰਘ ਗਿੱਲ, ਕੈਪਟਨ ਚਮਕੌਰ ਸਿੰਘ ਗਰੇਵਾਲ, ਦਵਿੰਦਰ ਸਿੰਘ ਗਰੇਵਾਲ, ਤੇਜਿੰਦਰ ਸਿੰਘ ਗਰੇਵਾਲ ਅਤੇ ਸਰਪੰਚ ਇੰਦਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਅਖੀਰ 'ਚ ਪਿ੍ੰਸੀਪਲ ਅਮਰਦੀਪ ਕੌਰ ਗਿੱਲ ਅਤੇ ਸਮੂਹ ਸਟਾਫ਼ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ |