ਪਾਇਲ, 20 ਮਈ (ਪੱਤਰ ਪ੍ਰੇਰਕਾਂ ਰਾਹੀਂ)-ਆਕਸਫੋਰਡ ਸੀਨੀਅਰ ਸਕੂਲ ਵਲੋਂ ਵਿੱਦਿਅਕ, ਖੇਡ, ਸਭਿਆਚਾਰਕ ਤੇ ਹਰ ਉਸਾਰੂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ | ਬੀਤੇ ਦਿਨੀਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਅਪਣੀ ਅਣਥੱਕ ਮਿਹਨਤ ਅਤੇ ਜਜ਼ਬੇ ਨਾਲ ਨੈਸ਼ਨਲ ਫੈੱਡਰੇਸ਼ਨ ਖੇਡਾਂ ਵਰਗੇ ਵੱਡੇ ਟੂਰਨਾਮੈਂਟ ਵਿੱਚ ਹਿੱਸਾ ਲਿਆ, ਉੱਥੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 10 ਮੈਡਲ ਅਪਣੇ ਨਾਂਅ ਕੀਤੇ, ਜਿਸ 'ਚ 5 ਗੋਲਡ, 4 ਸਿਲਵਰ ਅਤੇ 1 ਬਰਾਂਜ ਸ਼ਾਮਿਲ ਸਨ | ਖਿਡਾਰੀਆਂ ਨੇ ਅਪਣਾ, ਅਪਣੇ ਮਾਪਿਆਂ ਦਾ ਤੇ ਅਪਣੇ ਆਕਸਫੋਰਡ ਸਕੂਲ ਦਾ ਨਾਂਅ ਤਾਂ ਰੌਸ਼ਨ ਕੀਤਾ ਹੀ ਬਲਕਿ ਅਪਣੇ ਸਾਰੇ ਇਲਾਕੇ ਅਤੇ ਪੂਰੇ ਪੰਜਾਬ ਦਾ ਵੀ ਸਿਰ ਫਖ਼ਰ ਨਾਲ ਉੱਚਾ ਕੀਤਾ | ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦੇਸ਼ ਦੇ ਹੋਰ ਰਾਜਾਂ ਦੇ ਨਾਮੀ ਖਿਡਾਰੀਆਂ ਭਾਗ ਲੈ ਰਹੇ ਹਨ | ਸਕੂਲ ਦੇ ਖਿਡਾਰੀਆਂ ਨੇ ਅਪਣੇ ਪਿਛਲੇ ਸਾਲ ਸੀ. ਬੀ. ਐਸ. ਈ ਨੈਸ਼ਨਲ ਦੇ ਪ੍ਰਦਰਸ਼ਨ ਨੂੰ ਹੋਰ ਨਿਖਾਰਦੇ ਹੋਏ ਉੱਤਰਾਖੰਡ ਦੇ ਪਵਿੱਤਰ ਸ਼ਹਿਰ ਹਰਿਦਵਾਰ ਵਿੱਚ ਅਪਣੇ ਜਲਵੇ ਦਿਖਾਏ | ਸਾਰੇ ਦਰਸ਼ਕਾਂ, ਖੇਡ ਪ੍ਰੇਮੀਆਂ, ਅਧਿਕਾਰੀਆਂ ਅਤੇ ਕੋਚ ਸਾਹਿਬਾਨ ਨੇ ਪੰਜਾਬ ਤੋਂ ਆਏ ਇਹਨਾਂ ਖਿਡਾਰੀਆਂ ਦੀ ਖੇਡ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਲਗਨ ਦੀ ਭਰਪੂਰ ਪ੍ਰਸ਼ੰਸਾ ਕੀਤੀ | ਜੇਤੂ ਖਿਡਾਰੀਆਂ 'ਚ ਸਕੂਲ ਦੀ ਹੋਣਹਾਰ ਹੁਸਨਦੀਪ ਕੌਰ ਨੇ 100 ਮੀਟਰ ਵਿੱਚ ਸ਼ਾਨਦਾਰ ਗੋਲਡ ਮੈਡਲ, ਸਿਮਰਨ ਕੌਰ ਨੇ ਅੰਡਰ 19 ਵਰਗ ਦੇ 400 ਮੀਟਰ ਵਿੱਚ ਸ਼ਾਨਦਾਰ ਗੋਲਡ ਮੈਡਲ, ਗੁਰਲੀਨ ਕੌਰ ਢਿੱਲੋਂ ਨੇ 1500 ਮੀਟਰ ਰੇਸ ਵਿੱਚ ਬਿਹਾਰ ਤੇ ਉੱਤਰਾਖੰਡ ਦੀ ਚੁਨੌਤੀ ਨੂੰ ਹਰਾ ਕੇ ਸ਼ਾਨਦਾਰ ਗੋਲਡ ਮੈਡਲ, ਸਿਮਰਨਦੀਪ ਕੌਰ ਨੇ 200 ਮੀਟਰ ਰੇਸ ਵਿੱਚ ਸ਼ਾਨਦਾਰ ਗੋਲਡ ਮੈਡਲ, 100 ਮੀਟਰ ਵਿੱਚ ਸਿਲਵਰ ਅਤੇ ਏਾਜਲ ਨੇ ਅਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ 400 ਮੀਟਰ ਦੀ ਮੁਸ਼ਕਿਲ ਰੇਸ ਵਿੱਚ ਗੋਲਡ ਮੈਡਲ ਅਪਣੇ ਨਾ ਕੀਤਾ | ਏਸੇ ਤਰ੍ਹਾਂ ਅਭੀਰਾਜ ਸਿੰਘ ਰਿਟੋਲ ਨੇ 800 ਮੀਟਰ ਰੇਸ ਵਿੱਚ ਸਿਲਵਰ, ਅਵੰਤਿਕਾ ਨੇ 400 ਮੀਟਰ ਰੇਸ ਵਿੱਚ ਸ਼ਾਨਦਾਰ ਸਿਲਵਰ ਅਤੇ ਅਨੀਕੇਤ ਕੁਮਾਰ ਨੇ ਵੀ ਅਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 200 ਮੀਟਰ ਮੁਕਾਬਲੇ ਵਿੱਚ ਬਰਾਂਜ ਮੈਡਲ ਅਪਣੇ ਨਾਂਅ ਕੀਤਾ | ਏਥੇ ਬਹੁਤ ਮਾਣ ਵਾਲੀ ਗੱਲ ਹੈ ਕਿ ਏਹ ਸਾਰੇ ਖਿਡਾਰੀ ਆਪਣੀ ਬਿਹਤਰੀਨ ਖੇਡ ਸਦਕਾ ਅੱਗੇ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਚੁਣੇ ਗਏ ਹਨ ਜੋ ਜੂਨ ਮਹੀਨੇ ਵਿੱਚ ਨੇਪਾਲ ਦੇ ਪੋਖਰਾ ਸਟੇਡੀਅਮ ਵਿੱਚ ਹੋਵੇਗਾ | ਖਿਡਾਰੀਆਂ ਦੇ ਘਰ ਅਤੇ ਸਕੂਲ ਪਹੁੰਚਣ ਤੇ ਮਾਪਿਆ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦਾ ਅਤੇ ਖੇਡ ਇੰਚਾਰਜ ਰਵਿੰਦਰਪਾਲ ਸਿੰਘ ਦਾ ਜ਼ੋਰਦਾਰ ਸਵਾਗਤ ਖਿਡਾਰੀਆਂ ਅਤੇ ਮਾਪਿਆਂ ਨੂੰ ਸੰਬੋਧਿਤ ਕਰਦੇ ਹੋਏ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪਿ੍ੰਸੀਪਲ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ, ਹੈਡ ਮਿਸਟਰੈੱਸ ਅੰਸ਼ੂ ਆਹੂਜਾ, ਮੈਨੇਜਰ ਸੁਰਜੀਤ ਸਿੰਘ ਗਿੱਲ ਵੱਲੋਂ ਸਾਰੇ ਜੇਤੂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ, ਮਾਪਿਆਂ ਨੂੰ ਅਤੇ ਸਕੂਲ ਦੇ ਖੇਡ ਵਿਭਾਗ ਵਧਾਈ ਦਿੱਤੀ ਗਈ ਅਤੇ ਅੱਗੇ ਵੱਡੇ ਪੱਧਰ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |