ਰਾੜਾ ਸਾਹਿਬ, 20 ਮਈ (ਸੁਖਵੀਰ ਸਿੰਘ ਚਣਕੋਈਆਂ)-ਅੱਜ -ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਆਨਲਾਈਨ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਕਾਰਪੋਰੇਟ ਕੰਪਨੀਆਂ ਦੀ ਮਨਮਾਨੀ ਖ਼ਿਲਾਫ਼ ਦਿੱਤੇ ਗਏ 'ਭਾਰਤ ਬੰਦ' ਦੇ ਸੱਦੇ 'ਤੇ ਕਸਬਾ ਰਾੜਾ ਸਾਹਿਬ ਅਤੇ ਆਲੇ-ਦੁਆਲੇ ਪਿੰਡਾਂ ਵਿੱਚ ਮੈਡੀਕਲ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ ਬੰਦ ਰਹੀਆਂ | ਮਨਦੀਪ ਸ਼ਰਮਾ ਦੀਪਕ ਮੈਡੀਕਲ ਸਟੋਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਪੰਜਾਬ ਦੇ ਲਗਭਗ ਸਾਰੇ ਜ਼ਿਲਿ੍ਹਆਂ ਦੇ ਕੈਮਿਸਟ ਇਸ ਹੜਤਾਲ ਵਿੱਚ ਸਰਗਰਮੀ ਨਾਲ ਸ਼ਾਮਲ ਹੋਏ ਹਨ ਅਤੇ ਸਾਰੇ ਕੈਮਿਸਟ ਵੱਲੋਂ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖੀਆਂ ਗਈਆਂ ਹਨ | ਰਾੜਾ ਸਾਹਿਬ ਦੇ ਜੌਨੀ ਮੈਡੀਕਲ, ਤਾਜ ਮੈਡੀਕਲ, ਸਹਿਜ ਮੈਡੀਕਲ, ਮਾਨ ਮੈਡੀਕਲ (ਗੁਰਦੀਪ ਸਿੰਘ ਮਾਨ), ਗੁਰੂ ਨਾਨਕ ਮੈਡੀਕਲ ਆਦਿ ਸਮੇਤ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ |