29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਖੰਨਾ ਜ਼ਿਲੇ੍ਹ ਦੀਆਂ 4 ਨਗਰ ਕੌਂਸਲਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ 1 ਲੱਖ 41 ਹਜ਼ਾਰ ਵੋਟਰ ਕਰਨਗੇ ਫ਼ੈਸਲਾ

Ad Position 21
No active advertisement
ਅਜੀਤ ਡੈਸਕ 26-05-2026
ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲੇ੍ਹ ਦੇ ਖੰਨਾ, ਸਮਰਾਲਾ, ਪਾਇਲ ਅਤੇ ਦੋਰਾਹਾ 'ਚ ਨਗਰ ਕੌਂਸਲ ਚੋਣਾਂ ਵਿਚ 70 ਵਾਰਡਾਂ ਤੋਂ ਚੋਣ ਲੜ ਰਹੇ ਸੈਂਕੜੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਕੁੱਲ 1,40,989 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ | ਇਨ੍ਹਾ ਵਾਰਡਾਂ ਵਿੱਚ ਸਥਾਪਤ 175 ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਹੋਵੇਗੀ | ਇਸ ਦੌਰਾਨ ਖੰਨਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ 'ਆਪ' ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਖੰਨਾ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਇੰਜੀ. ਜਗਦੇਵ ਸਿੰਘ ਬੋਪਾਰਾਏ ਅਤੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ, ਸਾਬਕ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਵੱਖ ਵੱਖ ਬਿਆਨਾਂ 'ਚ ਦਾਅਵਾ ਕੀਤਾ ਕਿ ਸਾਡੀ ਪਾਰਟੀ ਖੰਨਾ ਦੀਆਂ ਚਾਰੇ ਨਗਰ ਕੌਂਸਲਾਂ ਦੇ ਕਬਜ਼ਾ ਕਰੇਗੀ | ਸਾਰੀਆਂ ਨਗਰ ਕੌਂਸਲਾਂ 'ਚ ਸੁਚਾਰੂ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਪੋਲਿੰਗ ਨੂੰ ਯਕੀਨੀ ਬਣਾਉਣ ਲਈ ਵਿਸਤਿ੍ਤ ਪ੍ਰਬੰਧ ਕੀਤੇ ਗਏ ਹਨ | ਚੋਣ ਪ੍ਰਕਿਰਿਆ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੋਲਿੰਗ ਸਟੇਸ਼ਨਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਢੁਕਵੇਂ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ | ਨਗਰ ਕੌਂਸਲ ਖੰਨਾ ਜਿਸ 'ਚ 32 ਵਾਰਡ ਹਨ | ਜ਼ਿਲ੍ਹਾ ਲੁਧਿਆਣਾ ਦੀਆਂ ਸਾਰੀਆਂ 6 ਨਗਰ ਕੌਂਸਲਾਂ 'ਚੋਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਥੇ ਸਭ ਤੋਂ ਵੱਧ ਵੋਟਰ ਹਨ | ਖੰਨਾ 'ਚ ਕੁੱਲ 99,391 ਵੋਟਰ, ਜਿਨ੍ਹਾਂ ਵਿੱਚ 51,680 ਪੁਰਸ਼ ਵੋਟਰ, 47,709 ਮਹਿਲਾ ਵੋਟਰ ਅਤੇ 2 ਹੋਰ ਵੋਟਰ ਸ਼ਾਮਿਲ ਹਨ | ਨਗਰ ਕੌਂਸਲ, ਸਮਰਾਲਾ ਦੇ 12 ਵਾਰਡਾਂ 'ਚ ਕੁੱਲ 17,167 ਵੋਟਰ ਹਨ, ਜਿਨ੍ਹਾਂ 'ਚ 8,792 ਪੁਰਸ਼ ਵੋਟਰ, 8,372 ਮਹਿਲਾ ਵੋਟਰ ਅਤੇ ਤਿੰਨ ਹੋਰ ਸ਼ਾਮਿਲ ਹਨ, ਨਗਰ ਕੌਂਸਲ, ਪਾਇਲ ਦੇ 11 ਵਾਰਡਾਂ 'ਚ ਕੁੱਲ 6,371 ਵੋਟਰ ਹਨ, ਜਿਨ੍ਹਾਂ 'ਚ 3,376 ਪੁਰਸ਼ ਵੋਟਰ, 2,993 ਮਹਿਲਾ ਵੋਟਰ ਅਤੇ ਦੋ ਹੋਰ ਸ਼ਾਮਿਲ ਹਨ, ਨਗਰ ਕੌਂਸਲ, ਦੋਰਾਹਾ 'ਚ ਕੁੱਲ 18,160 ਵੋਟਰ, ਜਿਨ੍ਹਾਂ 'ਚ 9,526 ਪੁਰਸ਼ ਵੋਟਰ ਅਤੇ 8,634 ਮਹਿਲਾ ਵੋਟਰ ਸ਼ਾਮਿਲ ਹਨ ਅਤੇ 15 ਵਾਰਡਾਂ 'ਚ ਵੋਟਾਂ ਪਾਉਣਗੇ | ਇਨ੍ਹਾ ਚੋਣਾਂ 'ਚ ਸਮਰਾਲਾ ਦੇ ਤਿੰਨ ਵਾਰਡ ਅਤੇ ਖੰਨਾ ਦਾ ਇੱਕ ਵਾਰਡ 'ਚ ਚੋਣ ਨਹੀਂ ਹੋ ਰਹੀ ਕਿਉਂ ਕਿ ਇਨ੍ਹਾ 4 ਵਾਰਡਾਂ ਵਿਚ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਨੂੰ ਲੋਕਤੰਤਰੀ ਪ੍ਰਕਿਰਿਆ 'ਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਸਾਰੇ ਪੋਲਿੰਗ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਿਡਰਤਾ ਨਾਲ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਹੈ | ਵੋਟਰਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਵੋਟਰਾਂ ਕੋਲ ਵੋਟਰ ਫ਼ੋਟੋ ਪਛਾਣ ਪੱਤਰ ਨਹੀਂ ਹੈ ਪਰ ਜਿਨ੍ਹਾਂ ਦੇ ਨਾਂਅ ਵਾਰਡ ਵਾਰ ਵੋਟਰ ਸੂਚੀ ਵਿੱਚ ਸ਼ਾਮਿਲ ਹਨ, ਉਹ ਕੋਈ ਵੀ ਵਿਕਲਪਿਕ ਦਸਤਾਵੇਜ਼ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ | ਇਨ੍ਹਾਂ ਦਸਤਾਵੇਜ਼ਾਂ 'ਚ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਫੋਟੋ ਵਾਲਾ ਪੈਨ ਕਾਰਡ, ਮਨਰੇਗਾ ਜੌਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫੋਟੋ ਵਾਲਾ ਅਸਲ੍ਹਾ ਲਾਇਸੈਂਸ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਫੋਟੋ ਵਾਲਾ ਆਜ਼ਾਦੀ ਘੁਲਾਟੀਏ ਪਛਾਣ ਪੱਤਰ, ਫੋਟੋ ਵਾਲਾ ਪਾਸ ਬੁੱਕ, ਕਿਸੇ ਵੀ ਬੈਂਕ/ਡਾਕਘਰ ਦੁਆਰਾ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਜਾਰੀ ਕੀਤਾ ਗਿਆ ਅਧਿਕਾਰਤ ਪਛਾਣ ਪੱਤਰ ਆਦਿ ਸ਼ਾਮਿਲ ਹਨ | ਖੰਨਾ ਦੀ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਕਿਹਾ ਕਿ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਮੁਸ਼ਕਲ ਰਹਿਤ ਕਰਵਾਉਣ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਸਵਾਤੀ ਟਿਵਾਣਾ ਨੇ 32 ਵਾਰਡਾਂ ਦੀ ਚੋਣ ਲਈ ਚੋਣ ਅਮਲੇ ਨੂੰ ਰਵਾਨਾ ਕੀਤਾ <br/> ਅਗਲੀ ਖ਼ਬਰ ਗੁਰਦੁਆਰੇ ਦਾ ਗੇਟ ਬਣਾਉਂਦੇ ਸਮੇਂ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ, ਮਿਸਤਰੀ ਗੰਭੀਰ ਜ਼ਖ਼ਮੀ
Ad Position 24