ਡੇਹਲੋਂ, 29 ਮਈ (ਅੰਮਿ੍ਤਪਾਲ ਸਿੰਘ ਕੈਲੇ)-ਰੇਲ ਕੋਚ ਫ਼ੈਕਟਰੀ ਦੇ ਸਾਬਕਾ ਨਾਮੀ ਕੌਮੀ ਖਿਡਾਰੀ ਅਤੇ ਸੁਰਜੀਤ ਹਾਕੀ ਦੇ ਰਹਿਨੁਮਾ, ਹਾਕੀ ਖੇਡ ਨੂੰ ਸਮਰਪਿਤ ਸ਼ਖ਼ਸੀਅਤ ਸੁਰਿੰਦਰ ਸਿੰਘ ਭਾਪਾ ਦਾ 16ਵੇਂ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੌਰਾਨ 31 ਮਈ ਨੂੰ ਫਾਈਨਲ ਸਮਾਰੋਹ 'ਤੇ ਜਰਖੜ ਖੇਡ ਸਟੇਡੀਅਮ ਵਿਖੇ ਵਿਸ਼ੇਸ਼ ਸਨਮਾਨ ਹੋਵੇਗਾ | ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਸੁਰਿੰਦਰ ਸਿੰਘ ਭਾਪਾ ਪਿਛਲੇ 40 ਸਾਲਾਂ ਤੋਂ ਖੇਡਾਂ ਦੀ ਸੇਵਾ ਕਰ ਰਹੇ ਹਨ | ਉਹ ਰੇਲ ਕੋਚ ਫ਼ੈਕਟਰੀ ਤੋਂ ਖੇਡ ਵੈੱਲਫੇਅਰ ਅਫ਼ਸਰ ਦੇ ਅਹੁਦੇ 'ਤੇ ਸੇਵਾ ਨਿਭਾਉਂਦਿਆਂ ਉੱਚ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਹਨ ਅਤੇ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਮ 'ਤੇ ਲੈ ਜਾਣ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਦਾ ਸਾਰਾ ਜੀਵਨ ਹੀ ਹਾਕੀ ਖੇਡ ਪ੍ਰਤੀ ਸਮਰਪਿਤ ਰਿਹਾ ਹੈ | ਉਨ੍ਹਾਂ ਦੀਆਂ ਹਾਕੀ ਖੇਡ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਨੇ ਚੱਲ ਰਹੇ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਫਾਈਨਲ ਸਮਾਰੋਹ 'ਤੇ 31 ਮਈ ਨੂੰ ਸ਼ਾਮ 7 ਵਜੇ ਉਨ੍ਹਾਂ ਨੂੰ 'ਪੰਜਾਬ ਦਾ ਮਾਣ ਐਵਾਰਡ' ਦੇ ਕੇ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ |