ਸਮਰਾਲਾ, 11 ਜੂਨ (ਪੱਤਰ ਪ੍ਰੇਰਕ)-ਕਦੇ-ਕਦੇ ਕੁਦਰਤ ਦੇ ਕਰੋਪ ਹੋ ਜਾਣ ਨਾਲ ਅਜਿਹੇ ਭਾਣੇ ਵਰਤ ਜਾਂਦੇ ਹਨ ਜਿਸ ਨਾਲ ਨਾ ਸਿਰਫ਼ ਇਕ ਪਰਿਵਾਰ ਬਲਕਿ ਸੁਣਨ ਵਾਲੇ ਹਰ ਮਨੁੱਖ ਦੀਆਂ ਅੱਖਾਂ 'ਚੋਂ ਵੀ ਆਪ ਮੁਹਾਰੇ ਹੰਝੂ ਵਹਿਣ ਲੱਗ ਜਾਂਦੇ ਹਨ | ਅਜਿਹੀ ਹੀ ਘਟਨਾ ਇੱਥੋਂ ਨੇੜਲੇ ਪਿੰਡ ਭੰਗਲਾਂ ਵਿਖੇ ਵਾਪਰੀ ਹੈ ਜਿੱਥੇ ਅਜੋਕੇ ਪਦਾਰਥਵਾਦ ਦੇ ਜ਼ਮਾਨੇ 'ਚ ਵੀ 2 ਭਰਾਵਾਂ ਵਿਚ ਆਪਸੀ ਮੋਹ ਦੀਆਂ ਤੰਦਾਂ ਅਤੇ ਪ੍ਰੇਮ ਦੀ ਇੱਕ ਅਜਿਹੀ ਹੀ ਮਿਸਾਲ ਸਾਹਮਣੇ ਆਈ ਹੈ, ਜਿੱਥੇ ਛੋਟੇ ਭਰਾ ਦੀ ਮੌਤ ਦਾ ਅਸਹਿ ਸਦਮਾ ਨਾ ਸਹਾਰਦੇ ਹੋਏ ਉਸ ਦੇ ਵੱਡੇ ਭਰਾ ਨੇ ਵੀ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਛੋਟਾ ਭਰਾ ਗੁਰਦੀਪ ਸਿੰਘ ਗਿੱਲ (46) ਪਿਛਲੇ ਛੇ ਕੁ ਮਹੀਨਿਆਂ ਤੋਂ ਪੇਟ ਦੇ ਕੈਂਸਰ ਕਾਰਨ ਪੀ. ਜੀ. ਆਈ. ਵਿਚ ਇਲਾਜ ਅਧੀਨ ਸੀ ਪਰ ਆਖ਼ਰੀ ਸਮਾਂ ਨੇੜੇ ਦੇਖ ਡਾਕਟਰਾਂ ਨੇ ਉਸ ਦੀ ਘਰ ਵਿਚ ਹੀ ਸੇਵਾ ਸੰਭਾਲ ਕਰਨ ਦਾ ਸੁਝਾਅ ਦੇ ਕੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ | ਪਰ ਕੱਲ੍ਹ ਸ਼ਾਮੀ ਉਹ ਬਿਮਾਰ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਘਰ 'ਚ ਹੀ ਮੌਤ ਹੋ ਗਈ | ਜਿਉਂ ਹੀ ਖੇਤ ਵਿਚ ਝੋਨੇ ਦੀ ਫ਼ਸਲ ਲਈ ਟਰੈਕਟਰ ਨਾਲ ਕੱਦੂ ਕਰ ਰਹੇ ਉਸ ਦੇ ਵੱਡੇ ਭਰਾ ਗੁਰਜੀਤ ਸਿੰਘ ਗਿੱਲ (50) ਨੂੰ ਆਪਣੇ ਛੋਟੇ ਭਰਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਤੁਰੰਤ ਘਰ ਪਹੁੰਚਿਆ ਅਤੇ ਭੁੱਬਾਂ ਮਾਰ-ਮਾਰ ਕੇ ਕਹਿ ਰਿਹਾ ਸੀ ਕਿ ਚਾਚਾ (ਪਹਿਲਾਂ ਵੀ ਸਰੀਕੇ ਵਿਚ ਇੱਕ ਤੋਂ ਬਾਅਦ ਹੋਈ ਦੂਜੇ ਭਰਾ ਦੀ ਮੌਤ) ਤਾਂ ਆਪਣੇ ਭਰਾ ਦੀ ਮੌਤ ਤੋਂ ਬਾਅਦ 20 ਦਿਨਾਂ ਬਾਅਦ ਇਸ ਸੰਸਾਰ ਤੋਂ ਗਿਆ ਸੀ | ਪਰ ਉਹ ਆਪਣੇ ਭਰਾ ਤੋਂ ਬਿਨਾਂ ਤਾਂ ਇੰਨੇ ਦਿਨ ਵੀ ਨਹੀਂ ਜਿਉਂਦਾ ਰਹਿ ਸਕੇਗਾ | ਉਸ ਨੂੰ ਧਰਾਸ ਦਿੰਦੇ ਵਿਅਕਤੀਆਂ ਨੇ ਉਸ ਨੂੰ ਪਾਣੀ ਆਦਿ ਪਿਲਾ ਕੇ ਸੌਣ ਲਈ ਪਾ ਦਿੱਤਾ | ਪਰ ਕਿਸੇ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਵਿਛੋੜਾ ਸਿਰਫ਼ ਇੱਕ ਭਰਾ ਦਾ ਨਹੀਂ, ਸਗੋਂ ਦੋਵਾਂ ਭਰਾਵਾਂ ਦਾ ਇਕੱਠੇ ਤੁਰ ਜਾਣ ਦਾ ਸਬੱਬ ਬਣੇਗਾ | ਜਦੋਂ ਤੜਕੇ ਦੋ ਕੁ ਵਜੇ ਵੱਡੇ ਭਰਾ ਨੂੰ ਹਲੂਣ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਰਾ ਦੀ ਮੌਤ ਦੇ ਅਸਹਿ ਸਦਮੇ ਨਾਲ ਉਹ ਵੀ 8 ਘੰਟਿਆਂ ਬਾਅਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ | ਦੋਵੇਂ ਭਰਾਵਾਂ ਵਿਚ ਨਾ ਸਿਰਫ਼ ਅਥਾਹ ਪ੍ਰੇਮ ਪਿਆਰ ਸੀ ਬਲਕਿ ਦੋਵਾਂ ਦੇ ਵਿਆਹ ਵੀ ਇਕੱਠਿਆਂ ਇੱਕੋ ਘਰ ਦੀਆਂ ਦੋਵਾਂ ਭੈਣਾਂ ਨਾਲ ਹੋਏ ਸਨ ਅਤੇ ਦੋਵਾਂ ਭਰਾਵਾਂ ਨੇ ਇਕੱਠਿਆਂ ਸਿਹਰੇ ਬੰਨ੍ਹ ਕੇ ਇੱਕੋ ਸਮੇਂ ਜੰਝ ਚੜ੍ਹੇ ਸਨ | ਇੱਕੋ ਵੇਲੇ ਦੋਵਾਂ ਭਰਾਵਾਂ ਦੀਆਂ ਇੱਕੋ ਘਰ 'ਚੋਂ ਇਕੱਠੀਆਂ ਉੱਠ ਰਹੀਆਂ ਅਰਥੀਆਂ ਨੂੰ ਦੇਖ ਕੇ ਜਿੱਥੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਹੀ ਇਸ ਦਿਲ ਕੰਬਾਊ ਘਟਨਾ ਕਾਰਨ ਪੂਰੇ ਇਲਾਕੇ 'ਚ ਗ਼ਮਗੀਨ ਮਾਹੌਲ ਹੈ ਤੇ ਕੋਈ ਵੀ ਅੱਖ ਨਮ ਹੋਣ ਬਿਨਾਂ ਨਹੀਂ ਰਹੀ ਜਾਪਦੀ ਅਤੇ ਆਸਪਾਸ ਦੇ ਪਿੰਡਾਂ 'ਚ ਵੀ ਸੋਗ ਪਸਰਿਆ ਹੋਇਆ ਹੈ |