ਰਾੜਾ ਸਾਹਿਬ, 25 ਜੂਨ (ਸੁਖਵੀਰ ਸਿੰਘ ਚਣਕੋਈਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਪਿੰਡ ਘਲੋਟੀ ਦੇ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ 4 ਜੁਲਾਈ ਨੂੰ ਚੰਡੀਗੜ੍ਹ ਵਿਖੇ 2 ਜਥੇਬੰਦੀਆਂ ਵਲੋਂ ਪ੍ਰਦਰਸ਼ਨ ਕੀਤਾ ਜਾਵੇਗਾ, ਉਸ ਸਬੰਧੀ ਪਿੰਡ ਘਲੋਟੀ ਦੇ ਕਿਸਾਨਾਂ-ਮਜ਼ਦੂਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਲਾਕ ਦੋਰਾਹਾ ਦੇ ਸਕੱਤਰ ਜਸਵੀਰ ਸਿੰਘ ਅਸਗਰੀਪੁਰ ਅਤੇ ਨੌਜਵਾਨ ਆਗੂ ਯੁਵਰਾਜ ਸਿੰਘ ਘੁਡਾਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਆਗੂਆਂ ਨੇ 4 ਜੁਲਾਈ ਦੇ ਧਰਨੇ ਦੀਆਂ ਮੰਗਾਂ ਸੰਬੰਧੀ ਸੰਬੋਧਨ ਕਰਦੇ ਹੋਏ ਦੱਸਿਆ ਕਿ ਜੋ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਚੱਲ ਰਹੀ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧਾ ਤੁਰੰਤ ਵਾਪਸ ਲਿਆ ਜਾਵੇ ਅਤੇ ਹੋਰ ਵਾਧੇ ਦੀਆਂ ਵਿਉਂਤਾਂ ਰੱਦ ਕੀਤੀਆਂ ਜਾਣ। ਇਸ ਮੌਕੇ ਸੁਰਜੀਤ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਹਰਪਾਲ ਸਿੰਘ ਪਾਲਾ, ਜਗਪਾਲ ਸਿੰਘ ਜੱਗੀ, ਰੂਪ ਸਿੰਘ, ਦਵਿੰਦਰ ਸਿੰਘ, ਬੰਤਾ ਸਿੰਘ, ਰਘਵੀਰ ਸਿੰਘ ਵੀਰਾ, ਨਿਰਮਲ ਸਿੰਘ ਨਿੰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਸਨ।