ਖੰਨਾ, 26 ਜੂਨ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ. ਸੀ ਮਾਨੂੰਪੁਰ ਡਾ. ਸੁਦੀਪ ਸਿੱਧੂ (ਸਕਿੱਨ ਸਪੈਸ਼ਲਿਸਟ) ਦੀ ਅਗਵਾਈ ਵਿੱਚ ਪੰਜ ਸਾਲ ਤੱਕ ਦੀ ਉਮਰ ਤੱਕ ਦੇ ਬੱਚਿਆਂ ਨੂੰ 28 ਤੋ 30 ਜੂਨ ਤੱਕ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਦੀਪ ਸਿੱਧੂ ਨੇ ਦੱਸਿਆ ਕੇ ਬਲਾਕ ਮਾਨੂੰਪੁਰ ਅਧੀਨ ਪੈਂਦੇ ਏਰੀਏ ਦੇ 0-5 ਸਾਲ ਤੱਕ ਦੇ ਕੁੱਲ 11759 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਕੁੱਲ 200 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ 28 ਜੂਨ ਦਿਨ ਐਤਵਾਰ ਨੂੰ 157 ਥਾਵਾਂ ਤੇ ਬੂਥ ਲਗਾ ਕੇ ਪੰਜ ਸਾਲ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ। ਜਿਹੜੇ ਬੱਚੇ ਇਸ ਦਿਨ ਪੋਲੀਓ ਰੋਕੂ ਬੂੰਦਾਂ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ ਟੀਮਾਂ ਵੱਲੋਂ 29 ਅਤੇ 30 ਜੂਨ ਘਰ-ਘਰ ਜਾ ਕੇ ਇਹ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੇ ਨਾਲ-ਨਾਲ ਭੱਠੇ, ਫ਼ੈਕਟਰੀਆਂ, ਨਿਰਮਾਣ ਅਧੀਨ ਇਮਾਰਤਾਂ, ਸਲੱਮ, ਝੁੱਗੀਆਂ ਅਤੇ ਹੋਰ ਹਾਈ ਰਿਸਕ ਏਰੀਏ ਦੇ ਬੱਚਿਆ ਨੂੰ ਕਵਰ ਕਰਨ ਲਈ ਮੋਬਾਈਲ ਟੀਮਾਂ ਵੀ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਟੀਮਾਂ ਦੀ ਸੁਪਰਵੀਜਨ ਲਈ 16 ਸੁਪਰਵਾਈਜ਼ਰ ਵੀ ਲਗਾਏ ਗਏ ਹਨ। ਬੀ. ਈ ਈ. ਗੁਰਦੀਪ ਸਿੰਘ ਅਤੇ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਨੇ ਕਿਹਾ ਕਿ ਹਰ ਪਰਿਵਾਰ ਲਈ ਜ਼ਰੂਰੀ ਹੈ ਕਿ ਪੰਜ ਸਾਲ ਤੱਕ ਦੇ ਉਮਰ ਦੇ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣ। ਉਨ੍ਹਾਂ ਵੱਲੋ ਆਮ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਸਮੇਂ ਰਮਨਜੀਤ ਕੌਰ, ਮੰਜੂ ਅਰੌੜਾ, ਕੰਵਰਪ੍ਰੀਤ ਕੌਰ, ਸੁਮਨ ਲਤਾ, ਲਖਵੀਰ ਕੌਰ, ਨਵਜੋਤ ਕੌਰ ਅਤੇ ਗੁਰਿੰਦਰ ਕੌਰ ਵੀ ਹਾਜ਼ਰ ਸਨ।