ਰਾੜਾ ਸਾਹਿਬ, 28 ਜੂਨ (ਸੁਖਵੀਰ ਸਿੰਘ ਚਣਕੋਈਆਂ)- ਰਾੜਾ ਸਾਹਿਬ ਵਿਖੇ ਰਾੜਾ ਸਾਹਿਬ ਅਹਿਮਦਗੜ੍ਹ ਮੁੱਖ ਸੜਕ ’ਤੇ ਨਹਿਰ ਦੇ ਨਾਲ ਅਤੇ ਬਿਲਕੁਲ ਦੂਸਰੇ ਪਾਸੇ ਲੱਗ ਰਹੀਆਂ ਸਬਜ਼ੀ ਦੀਆਂ ਰੇਹੜੀਆਂ ਅਤੇ ਫਲ-ਫਰੂਟ ਦੇ ਖੜ੍ਹੇ ਕੀਤੇ ਵਾਹਨ ਆਵਾਜਾਈ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ । ਸੜਕ ਦੇ ਬਿਲਕੁਲ ਕਿਨਾਰੇ ਬਿਨਾਂ ਕਿਸੇ ਨਿਯਮ ਅਤੇ ਸੁਰੱਖਿਆ ਪ੍ਰਬੰਧਾਂ ਦੇ ਲੱਗੀਆਂ ਇਹ ਰੇਹੜੀਆਂ ਤੇ ਵਾਹਨ ਨਾ ਸਿਰਫ਼ ਟਰੈਫ਼ਿਕ ਵਿੱਚ ਰੁਕਾਵਟ ਪੈਦਾ ਕਰ ਕਰਦੇ ਹਨ, ਸਗੋਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ। ਇਹ ਸੜਕ ਇਤਿਹਾਸਕ ਅਤੇ ਧਾਰਮਿਕ ਅਸਥਾਨ ਰਾੜਾ ਸਾਹਿਬ ਨੂੰ ਜਾਂਦੀ ਹੋਣ ਕਰਕੇ ਇੱਥੋਂ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ, ਸਕੂਲੀ ਵਾਹਨ, ਦੋਪਹੀਆ ਅਤੇ ਹੋਰ ਵੱਡੇ ਵਾਹਨ ਲੰਘਦੇ ਹਨ। ਰੇਹੜੀਆਂ ਤੋਂ ਖ਼ਰੀਦਦਾਰੀ ਕਰਨ ਲਈ ਲੋਕ ਆਪਣੇ ਵਾਹਨ ਸੜਕ ਕਿਨਾਰੇ ਹੀ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਕਈ ਵਾਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਇਸ ਹਿੱਸੇ ’ਤੇ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਨਾ ਤਾਂ ਰੇਹੜੀਆਂ ਨੂੰ ਨਿਯਮਤ ਕੀਤਾ ਗਿਆ ਹੈ ਅਤੇ ਨਾ ਹੀ ਟਰੈਫ਼ਿਕ ਪ੍ਰਬੰਧਾਂ ਵੱਲ ਕੋਈ ਧਿਆਨ ਦਿੱਤਾ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤ ਰਾੜਾ ਸਾਹਿਬ ਤੋਂ ਮੰਗ ਕੀਤੀ ਹੈ ਕਿ ਸੜਕ ਸੁਰੱਖਿਆ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਉਂਦੇ ਹੋਏ ਨਹਿਰ ਕਿਨਾਰੇ ਸੜਕ ਲਾਗੇ ਅਤੇ ਉਸਦੇ ਬਰਾਬਰ ਹੀ ਦੂਸਰੇ ਪਾਸੇ ਲੱਗ ਰਹੀਆਂ ਸਬਜ਼ੀ ਦੀਆਂ ਰੇਹੜੀਆਂ ਅਤੇ ਫਲ-ਫਰੂਟ ਦੇ ਖੜ੍ਹੇ ਵਾਹਨਾਂ ਲਈ ਵੱਖਰਾ ਸਥਾਨ ਨਿਰਧਾਰਿਤ ਕੀਤਾ ਜਾਵੇ ਅਤੇ ਸੜਕ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ, ਤਾਂ ਜੋ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।