ਰਾੜਾ ਸਾਹਿਬ, 28 ਜੂਨ (ਸੁਖਵੀਰ ਸਿੰਘ ਚਣਕੋਈਆਂ)- ਇਤਿਹਾਸਿਕ ਗੁ. ਨਿੰਮਸਰ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਵਿਖੇ ਸਿਹਤ ਵਿਭਾਗ ਵੱਲੋਂ ਪੋਲੀਓ ਰੋਕਥਾਮ ਮੁਹਿੰਮ ਤਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਸਮੇਂ ਆਸ਼ਾ ਵਰਕਰ ਬਲਜੀਤ ਕੌਰ ‘ਤੇ ਸੁਖਵਿੰਦਰ ਕੌਰ ਵੱਲੋਂ ਪਿੰਡ ਘੁਡਾਣੀ ਕਲ੍ਹਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਤੋਂ ਸੁਰੱਖਿਆ ਲਈ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਕੈਂਪ ਦੌਰਾਨ ਕੁੱਲ 30 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਉਨ੍ਹਾਂ ਨੂੰ ਪੋਲੀਓ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਸੁਰੱਖਿਆ ਪ੍ਰਦਾਨ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਹਰ ਪੋਲੀਓ ਮੁਹਿੰਮ ਦੌਰਾਨ ਲਾਜ਼ਮੀ ਤੌਰ ’ਤੇ ਬੂੰਦਾਂ ਪਿਲਾਉਣ ਤਾਂ ਜੋ ਦੇਸ਼ ਨੂੰ ਪੋਲੀਓ ਮੁਕਤ ਬਣਾ ਕੇ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਗੁ. ਨਿੰਮਸਰ ਸਾਹਿਬ ਤੋਂ ਇਲਾਵਾ, ਡਿਸਪੈਂਸਰੀ ਘੁਡਾਣੀ ਕਲ੍ਹਾਂ ਅਤੇ ਧਰਮਸ਼ਾਲਾ ਪਿੰਡ ਘੁਡਾਣੀ ਕਲ੍ਹਾਂ ਵਿਖੇ ਵੀ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ।