ਰਾੜਾ ਸਾਹਿਬ, 29 ਜੂਨ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਦੇ ਪਿੰਡ ਆਪਣੀ ਰੀਤੀ-ਰਿਵਾਜ, ਸਭਿਆਚਾਰ ਅਤੇ ਇਤਿਹਾਸਕ ਵਿਰਾਸਤ ਲਈ ਜਾਣੇ ਜਾਂਦੇ ਹਨ। ਇਨ੍ਹਾਂ ਹੀ ਵਿਰਾਸਤੀ ਨਿਸ਼ਾਨੀਆਂ ’ਚ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਿਕ ਪਿੰਡ ਘੁਡਾਣੀ ਕਲਾਂ ਦੇ 7 ਦੇ ਕਰੀਬ ਪੁਰਾਤਨ ਦਰਵਾਜ਼ੇ ਅੱਜ ਵੀ ਖ਼ਾਸ ਅਹਿਮੀਅਤ ਰੱਖਦੇ ਹਨ। ਸਦੀਆਂ ਪੁਰਾਣੇ ਇਹ ਦਰਵਾਜ਼ ਨਾ ਸਿਰਫ਼ ਪਿੰਡ ਦੇ ਇਤਿਹਾਸ ਨੂੰ ਬਿਆਨ ਕਰਦੇ ਹਨ, ਸਗੋਂ ਪੁਰਖਿਆਂ ਦੀ ਕਲਾ, ਸੋਚ ਅਤੇ ਉਸ ਸਮੇਂ ਦੀ ਬਣਤਰ ਦਾ ਵੀ ਜੀਵੰਤ ਉਦਾਹਰਨ ਹਨ। ਖ਼ੁਸ਼ੀ ਦੀ ਗੱਲ ਇਹ ਹੈ ਕਿ ਪਿੰਡ ਦੀਆਂ ਵੱਖ-ਵੱਖ ਸਮਿਆਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਵਿਰਾਸਤੀ ਦਰਵਾਜ਼ਿਆਂ ਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਆਧੁਨਿਕਤਾ ਦੇ ਦੌਰ ਵਿਚ ਵੀ ਪਿੰਡ ਦੀ ਵਿਲੱਖਣ ਪਛਾਣ ਬਣੇ ਹੋਏ ਹਨ । ਪਿੰਡ ਦੇ ਬਜ਼ੁਰਗਾਂ ਅਨੁਸਾਰ ਪੁਰਾਣੇ ਸਮਿਆਂ ਵਿੱਚ ਇਹ ਦਰਵਾਜ਼ ਪਿੰਡ ਦੀ ਸ਼ਾਨ ਅਤੇ ਸੁਰੱਖਿਆ ਦਾ ਪ੍ਰਤੀਕ ਮੰਨੇ ਜਾਂਦੇ ਸਨ। ਦੂਰ-ਦੂਰ ਤੋਂ ਆਉਣ ਵਾਲੇ ਲੋਕ ਇਨ੍ਹਾਂ ਦਰਵਾਜ਼ਿਆਂ ਨੂੰ ਦੇਖ ਕੇ ਪਿੰਡ ਦੀ ਪਛਾਣ ਕਰਦੇ ਸਨ। ਸਮੇਂ ਦੇ ਬਦਲਾਅ ਅਤੇ ਆਧੁਨਿਕਤਾ ਦੇ ਪ੍ਰਭਾਵ ਦੇ ਬਾਵਜੂਦ ਪਿੰਡ ਵਾਸੀਆਂ ਨੇ ਆਪਣੀ ਵਿਰਾਸਤ ਨੂੰ ਮਿਟਣ ਨਹੀਂ ਦਿੱਤਾ। ਦਰਵਾਜ਼ਿਆਂ ਦੀ ਮੁਰੰਮਤ ਅਤੇ ਸੰਭਾਲ ਲਈ ਲੋਕ ਹਮੇਸ਼ਾ ਅੱਗੇ ਆਉਂਦੇ ਰਹੇ ਹਨ।ਪਿੰਡ ਦੇ ਸਮਾਜ ਸੇਵੀਆਂ ਅਤੇ ਨੌਜਵਾਨਾਂ ਨੇ ਦੱਸਿਆ ਕਿ ਇਹ ਦਰਵਾਜ਼ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਪੁਰਾਣੀਆਂ ਇਮਾਰਤਾਂ ਤੇ ਵਿਰਾਸਤੀ ਚਿੰਨ੍ਹ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ, ਅਜਿਹੇ ਵਿੱਚ ਘੁਡਾਣੀ ਕਲਾਂ ਦੇ ਲੋਕਾਂ ਵਲੋਂ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਣਾ ਕਾਬਿਲ-ਏ-ਤਾਰੀਫ਼ ਹੈ। ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਪੁਰਾਤਤਵ ਵਿਭਾਗ ਤੋਂ ਮੰਗ ਕੀਤੀ ਕਿ ਅਜਿਹੀਆਂ ਵਿਰਾਸਤੀ ਇਮਾਰਤਾਂ ਅਤੇ ਦਰਵਾਜ਼ਿਆਂ ਦੀ ਸੰਭਾਲ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣ ਤਾਂ ਜੋ ਪੰਜਾਬ ਦੀ ਪੁਰਾਤਨ ਸੱਭਿਆਚਾਰਕ ਵਿਰਾਸਤ ਨੂੰ ਬਚਾਇਆ ਜਾ ਸਕੇ।