ਦੋਰਾਹਾ, 8 ਜੁਲਾਈ (ਪੱਤਰ ਪ੍ਰੇਰਕ)- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੇ ਹੋਣਹਾਰ ਐਨ. ਸੀ. ਸੀ. ਕੈਡਿਟ ਬਵਨਜੋਤ ਸਿੰਘ (ਨੌਵੀਂ ਜਮਾਤ ਦੇ ਵਿਦਿਆਰਥੀ) ਦੀ ਚੋਣ ’ਥਲ ਸੈਨਾ ਕੈਂਪ-ਇੰਟਰ ਗਰੁੱਪ ਕੰਪੀਟੀਸ਼ਨ ਲਈ ਹੋਈ ਹੈ। ਇਹ ਕੈਂਪ 8 ਜੁਲਾਈ ਤੋਂ 17 ਜੁਲਾਈ, 2026 ਤੱਕ ਐਨ. ਸੀ. ਸੀ. ਅਕੈਡਮੀ, ਰੋਪੜ (ਪੰਜਾਬ) ਵਿਖੇ ਕਰਵਾਇਆ ਜਾ ਰਿਹਾ ਹੈ। ਬਵਨਜੋਤ ਸਿੰਘ ਨੇ ਐਨ. ਸੀ. ਸੀ. ਟਰੇਨਿੰਗ ਦੌਰਾਨ ਕਰੜੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹਤਾ ਦਾ ਪ੍ਰਦਰਸ਼ਨ ਕੀਤਾ ਹੈ। ਉਸਨੇ 19 ਪੰਜਾਬ ਬਟਾਲੀਅਨ ਐਨ. ਸੀ. ਸੀ., ਲੁਧਿਆਣਾ ਵੱਲੋਂ ਆਯੋਜਿਤ ਕੀਤੇ ਗਏ ’ਥਲ ਸੈਨਾ ਕੈਂਪਾ ਸਫ਼ਲਤਾਪੂਰਵਕ ਹਿੱਸਾ ਲਿਆ। ਇਹ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ ਨੇ ਦੱਸਿਆ ਕਿ ਉਸਦੀ ਸ਼ਾਨਦਾਰ ਕਾਰਗੁਜ਼ਾਰੀ ਦੇ ਅਧਾਰ ’ਤੇ, ਹੁਣ ਉਸ ਨੂੰ ਇਸ ’ਇੰਟਰ ਗਰੁੱਪ ਕੰਪੀਟੀਸ਼ਨ’ ਵਿੱਚ ਲੁਧਿਆਣਾ ਗਰੁੱਪ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਇਸ ਮੁਕਾਬਲੇ ਵਿੱਚ ਕੁੱਲ ਅੱਠ ਐਨ.ਸੀ.ਸੀ. ਗਰੁੱਪ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਚਾਰ ਪੰਜਾਬ ਤੋਂ, ਦੋ ਹਰਿਆਣਾ ਤੋਂ, ਇੱਕ ਚੰਡੀਗੜ੍ਹ ਤੋਂ ਅਤੇ ਇੱਕ ਹਿਮਾਚਲ ਪ੍ਰਦੇਸ਼ ਤੋਂ ਸ਼ਾਮਲ ਹੋਵੇਗਾ। ਉਸਦੀ ਇਹ ਚੋਣ ਸਕੂਲ ਅਤੇ ਉਸਦੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਪ੍ਰਾਪਤੀ ਸਕੂਲ ਦੇ ਐਨ. ਸੀ. ਸੀ. ਅਫ਼ਸਰ ਤਲਵਿੰਦਰ ਸਿੰਘ (ਏ. ਐਨ. ਓ., ਸੈਕੰਡ ਅਫ਼ਸਰ) ਦੀ ਯੋਗ ਅਗਵਾਈ ਸਦਕਾ ਸੰਭਵ ਹੋਈ ਹੈ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਨੌਜਵਾਨ ਕੈਡਿਟਾਂ ਨੂੰ ਅਨੁਸ਼ਾਸਿਤ ਅਤੇ ਆਤਮ-ਵਿਸ਼ਵਾਸੀ ਲੀਡਰਾਂ ਵਜੋਂ ਨਿਖਾਰਨ ਵਿੱਚ ਮਦਦ ਕੀਤੀ ਹੈ। ਸਕੂਲ ਵੱਲੋਂ ਟਰੇਨਿੰਗ ਦੌਰਾਨ ਲਗਾਤਾਰ ਸਹਿਯੋਗ ਅਤੇ ਹੌਸਲਾ ਅਫ਼ਜ਼ਾਈ ਲਈ 19 ਪੰਜਾਬ ਬਟਾਲੀਅਨ ਐਨ. ਸੀ. ਸੀ., ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਫੈਜ਼ਾਨ ਜ਼ਹੂਰ ਅਤੇ ਸੂਬੇਦਾਰ ਮੇਜਰ ਸੁਖਦੇਵ ਸਿੰਘ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਗੁਰੂ ਨਾਨਕ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਡਾਇਰੈਕਟਰ ਰੂਪਿੰਦਰ ਕੌਰ ਬਰਾੜ ਅਤੇ ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ ਨੇ ਇਸ ਪ੍ਰਭਾਵਸ਼ਾਲੀ ਪ੍ਰਾਪਤੀ ’ਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਕੂਲ ਸ਼ੁਰੂ ਤੋਂ ਹੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਯਤਨਸ਼ੀਲ ਰਿਹਾ ਹੈ। ਥਲ ਸੈਨਾ ਕੈਂਪ ਵਿੱਚ ਲੁਧਿਆਣਾ ਗਰੁੱਪ ਦੀ ਨੁਮਾਇੰਦਗੀ ਕਰਨ ਅਤੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।