ਸਮਰਾਲਾ, 8 ਜੁਲਾਈ (ਗੋਪਾਲ ਸੋਫਤ)-ਨਨਕਾਣਾ ਸਾਹਿਬ ਪਬਲਿਕ ਸਕੂਲ, ਸਮਰਾਲਾ ਵਿਖੇ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੰਦਾ ਹਫ਼ਤਾ ਭਰ ਚੱਲਿਆ ‘ਵਣ ਮਹਾਂ ਉਤਸਵ’ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕੁਦਰਤ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ। ਪੂਰੇ ਹਫ਼ਤੇ ਦੌਰਾਨ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਕਈ ਤਰ੍ਹਾਂ ਦੀਆਂ ਵਾਤਾਵਰਨ ਪੱਖੀ ਗਤੀਵਿਧੀਆਂ ਵਿਚ ਭਾਗ ਲਿਆ। ਸਮਾਗਮ ਦੇ ਅਖੀਰ ਵਿਚ ਸਾਰੇ ਵਿਦਿਆਰਥੀਆਂ ਨੇ ਇੱਕ ਪਵਿੱਤਰ ‘ਗਰੀਨ ਪਲੈੱਜ’ (ਹਰੀ ਸਹੁੰ) ਚੁੱਕੀ, ਜਿਸ ਵਿਚ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਰੱਖਣ ਦਾ ਪ੍ਰਣ ਲਿਆ। ਵਾਤਾਵਰਨ ਪੱਖੀ ਸਵਾਰੀ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਰੋਜ਼ਾਨਾ ਸਾਈਕਲ ‘ਤੇ ਸਕੂਲ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਪੱਤਰ (ਸਰਟੀਫਿਕੇਟ) ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਜਸਵਿੰਦਰ ਕੌਰ ਨੇ ਬੱਚਿਆਂ ਦੀ ਇਸ ਲਗਨ ਦੀ ਸ਼ਲਾਘਾ ਕੀਤੀ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਵੀ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।