ਰਾਏਕੋਟ, 10 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਲੁਧਿਆਣਾ-ਬਠਿੰਡਾ ਰਾਜਮਾਰਗ ਨਾਲ ਜੁੜ੍ਹਦੀਆਂ ਇਲਾਕੇ ਦੀਆਂ ਸੰਪਰਕ ਸੜਕਾਂ ਦੇ ਕਿਨਾਰਿਆਂ ’ਤੇ ਮਿੱਟੀ ਨਾ ਪਾਏ ਜਾਣ ਕਾਰਨ ਰੋਜ਼ਾਨਾ ਸੜਕੀ ਹਾਦਸਿਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਖ਼ਾਸ ਕਰਕੇ ਰਾਏਕੋਟ ਤੋਂ ਮਲੇਰਕੋਟਲਾ ਨੂੰ ਜਾਂਦੀ ਸੜਕ ਦੇ ਕਿਨਾਰੇ ਕਈ ਥਾਵਾਂ ’ਤੇ ਮਿੱਟੀ ਤੋਂ ਸੱਖਣੇ ਪਏ ਹਨ, ਜਿਸ ਕਾਰਨ ਛੋਟੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਇਸ ਸੜਕ ’ਤੇ ਗੰਭੀਰ ਹਾਦਸੇ ਵਾਪਰ ਰਹੇ ਹਨ, ਪਰ ਇਸ ਦੇ ਬਾਵਜੂਦ ਨਾ ਤਾਂ ਸਬੰਧਿਤ ਵਿਭਾਗ ਅਤੇ ਨਾ ਹੀ ਠੇਕੇਦਾਰ ਵਲੋਂ ਕੋਈ ਠੋਸ ਕਦਮ ਚੁੱਕਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਦੇ ਕਿਨਾਰਿਆਂ ’ਤੇ ਸੜਕ ਦਾ ਕਿਨਾਰਾ (ਬਰਮਾ) ਤਿਆਰ ਨਾ ਹੋਣ ਕਾਰਨ ਵਾਹਨ ਸੜਕ ਤੋਂ ਹੇਠਾਂ ਉੱਤਰ ਜਾਂਦੇ ਹਨ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ, ਜਿਸ ਕਾਰਨ ਪਿੰਡ ਭੈਣੀ ਬੜਿੰਗਾ ਦੇ ਕਈ ਵਿਅਕਤੀਆਂ ਨਾਲ ਹਾਦਸੇ ਵਾਪਰੇ ਹਨ। ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਲਾਡੀ ਭੈਣੀ ਬੜਿੰਗਾ, ਅਜਮੇਰ ਸਿੰਘ, ਪ੍ਰਧਾਨ ਕਰਮਜੀਤ ਸਿੰਘ, ਮਿਸਤਰੀ ਪਿਆਰਾ ਸਿੰਘ, ਅਜਮੇਰ ਸਿੰਘ ਬਿੱਲੂ, ਗੁਰਪ੍ਰੀਤ ਸਿੰਘ ਅਤੇ ਡਾ. ਰਣਜੀਤ ਸਿੰਘ (ਸਾਰੇ ਵਾਸੀ-ਪਿੰਡ ਭੈਣੀ ਬੜਿੰਗਾ) ਨੇ ਦੱਸਿਆ ਕਿ ਬੇਸ਼ੱਕ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਰਾਏਕੋਟ-ਮਲੇਰਕੋਟਲਾ ਸੜਕ ਬਣ ਕੇ ਤਿਆਰ ਹੋਈ ਹੈ ਪਰ ਕਿਨਾਰਿਆਂ ’ਤੇ ਮਿੱਟੀ ਨਾ ਪਾਉਣ ਕਾਰਨ ਇਸ ਸੜਕ ਦੀ ਮਿਆਦ ਘੱਟਣ ਦਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਬਣੀਆਂ ਸੜਕਾਂ ਦੀ ਸੰਭਾਲ ਨਾ ਹੋਣ ਕਾਰਨ ਸਰਕਾਰੀ ਪੈਸੇ ਦੀ ਬਰਬਾਦੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਜਦੋਂ ਸੜਕ ਦੇ ਕਿਨਾਰਿਆਂ ਨੂੰ ਸਹਾਰਾ ਦੇਣ ਵਾਲੀ ਮਿੱਟੀ ਨਹੀਂ ਹੁੰਦੀ ਤਾਂ ਪਾਣੀ ਨਾਲ ਖ਼ਾਰਾਂ ਪੈ ਜਾਂਦੀਆਂ ਹਨ ਅਤੇ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਇਕ ਵਾਰ ਸੜਕ ਵਿਚ ਦਰਾਰਾਂ ਪੈਣ ਲੱਗਣ ਤਾਂ ਨੁਕਸਾਨ ਲਗਾਤਾਰ ਵੱਧਦਾ ਜਾਂਦਾ ਹੈ, ਜਿਸ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਸੜਕ ਕੁਝ ਹੀ ਸਮੇਂ ਵਿਚ ਖਸਤਾ ਬਣ ਜਾਂਦੀ ਹੈ। ਉਕਤ ਲੋਕਾਂ ਨੇ ਇਸ ਮਾਮਲੇ ’ਤੇ ਗੰਭੀਰ ਚਿੰਤਾ ਪ੍ਰਗਟਾਈ। ਕਿਸਾਨ ਆਗੂਆਂ ਅਤੇ ਪਿੰਡ ਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਹਾਦਸਿਆਂ ਨੂੰ ਰੋਕਣ ਅਤੇ ਸੜਕਾਂ ਦੀ ਮਜ਼ਬੂਤੀ ਬਣਾਈ ਰੱਖਣ ਲਈ ਤੁਰੰਤ ਬਰਮਾਂ ’ਤੇ ਮਿੱਟੀ ਪਾਈ ਜਾਵੇ, ਤਾਂ ਜੋ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਅਤੇ ਸਰਕਾਰੀ ਖਜ਼ਾਨੇ ਦੀ ਰੱਖਿਆ ਹੋ ਸਕੇ।