ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ ਸਭਾ ਖੰਨਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਨਰਿੰਦਰ ਮਣਕੂ ਅਤੇ ਸਭਾ ਦੇ ਸਰਪ੍ਰਸਤ ਮਨਜੀਤ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪ੍ਰਸਿੱਧ ਗ਼ਜ਼ਲਗੋ ਆਤਿਸ਼ ਪਾਇਲਵੀ ਦੀ ਕਿਤਾਬ ‘ਸੁਰਖ਼ਾਬ ਦੇ ਪਰ’ ਲੋਕ ਅਰਪਣ ਕੀਤੀ ਗਈ। ਰਚਨਾਵਾਂ ਦੇ ਦੌਰ ਵਿਚ ਸੁਖਵਿੰਦਰ ਸਿੰਘ ਬਿੱਟੂ , ਹਰਬੰਸ ਸਿੰਘ ਸਾਨ, ਮੁਕੰਦ ਸਿੰਘ ਨਿਗਾਹੀ , ਗੁਰਜੰਟ ਸਿੰਘ ਕਾਲਾ ਪਾਇਲ ਵਾਲਾ , ਸੁਖਵਿੰਦਰ ਸਿੰਘ ਭਾਦਲਾ , ਨਰੇਸ਼ ਨਿਮਾਣਾ , ਮਨਜੀਤ ਸਿੰਘ ਧੰਜਲ, ਅਵਤਾਰ ਸਿੰਘ ਉਟਾਲਾਂ ’ ਪ੍ਰਧਾਨ ਨਰਿੰਦਰ ਮਣਕੂ ਅਤੇ ਗੁਰੀ ਤੁਰਮਰੀ ਨੇ ਆਪਣੀਆਂ ਰਚਨਾਵਾਂ ਸੁਣਾਈਅਾਂ।ਗੁਰਜੰਟ ਸਿੰਘ ਕਾਲਾ ਪਾਇਲ ਵਾਲਾ ਨੇ ਆਤਿਸ਼ ਪਾਇਲਵੀ ਦੀ ਕਿਤਾਬ ਸੁਰਖ਼ਾਬ ਦੇ ਪਰ ਲੋਕ ਅਰਪਣ ਕੀਤੀ ਗਈ, ਉਸ ’ਤੇ ਪਰਚਾ ਪੜਿਆ । ਸੁਖਵਿੰਦਰ ਸਿੰਘ ਭਾਦਲਾ ਨੇ ਆਤਿਸ਼ ਪਾਇਲਵੀ ਦੇ ਜੀਵਨ ਬਿਓਰਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਅਤਿਸ਼ ਪਾਇਲਵੀ ਨੇ ਆਪਣੀ ਨਵੀਂ ਕਿਤਾਬ ’ਸੁਰਖਾਬ ਦੇ ਪਰ’ ਵਿੱਚੋਂ ਗ਼ਜ਼ਲਾਂ ਦੀ ਝੜੀ ਲਾ ਦਿੱਤੀ ਤੇ ਆਪਣੀਆਂ ਅਣ-ਛਪੀਆਂ ਗ਼ਜ਼ਲਾਂ ਵੀ ਸੁਣਾਈਆਂ। ਪੜ੍ਹੀਆਂ ਗਈਆਂ ਰਚਨਾਵਾਂ ’ਤੇ ਉਸਾਰੂ ਬਹਿਸ ਹੋਈ। ਜਿਸ ਵਿੱਚ ਮਨਜੀਤ ਸਿੰਘ ਧੰਜਲ, ਅਵਤਾਰ ਸਿੰਘ ਉਟਾਲਾਂ, ਕਾਲਾ ਪਾਇਲ ਵਾਲਾ, ਹਰਬੰਸ ਸਿੰਘ ਸ਼ਾਨ ਨੇ ਭਾਗ ਲਿਆ। ਸਭਾ ਦੇ ਪ੍ਰਧਾਨ ਨਰਿੰਦਰ ਮਣਕੂ ਨੇ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।