ਮਾਛੀਵਾੜਾ ਸਾਹਿਬ, 15 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਨੇ ਨਾਬਾਲਗ ਲੜਕੀ ਨਾਲ ਇੱਕ ਨਾਬਾਲਗ ਲੜਕੇ ਵਲੋਂ ਸਰੀਰਕ ਸਬੰਧ ਬਣਾਉਣ ਦੀ ਉਸਦੇ ਦੋਸਤ ਵਲੋਂ ਵੀਡੀਓ ਬਣਾ ਕੇ ਧਮਕਾਉਣ ਦੇ ਕਥਿਤ ਦੋਸ਼ ਹੇਠ 2 ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਹੈ। ਡੀ.ਐੱਸ.ਪੀ. ਸਮਰਾਲਾ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜ੍ਹਤ ਲੜਕੀ ਦੀ ਮਾਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ ਅਤੇ ਉਸਦੀ 14 ਸਾਲਾ ਲੜਕੀ ਨੇ ਉਸ ਨੂੰ ਦੱਸਿਆ ਕਿ ਜਦੋਂ ਉਹ ਘਰ ਦੇ ਨੇੜ੍ਹੇ ਹੀ ਖੇਤਾਂ ਵਿਚ ਬਾਲਣ ਲੈਣ ਲਈ ਗਈ ਸੀ ਤਾਂ ਰਸਤੇ ਵਿਚ ਉਸ ਨੂੰ ਇੱਕ ਲੜਕਾ ਰਾਮੂ (ਕਾਲਪਨਿਕ ਨਾਂ) ਮਿਲ ਗਿਆ। ਇਹ ਲੜਕਾ ਉਸ ਨੂੰ ਖੇਤਾਂ ਨੇੜ੍ਹੇ ਝਾੜੀਆਂ ਵਿਚ ਲੈ ਗਿਆ ਜਿੱਥੇ ਉਸਨੇ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਏ। ਉੱਥੇ ਹੀ ਮੌਜੂਦ ਇੱਕ ਹੋਰ ਲੜਕਾ ਸੀ ਜਿਸ ਨੇ ਇਹ ਸਾਰੇ ਵਾਕਿਆ ਦੀ ਵੀਡੀਓ ਬਣਾ ਲਈ। ਵੀਡੀਓ ਬਣਾਉਣ ਉਪਰੰਤ ਇਨ੍ਹਾਂ ਨੇ ਡਰਾਇਆ, ਧਮਕਾਇਆ ਕਿ ਜੇਕਰ ਇਸ ਬਾਰੇ ਕਿਸੇ ਨੂੰ ਨਾ ਦੱਸੇ। ਘਰ ਆ ਕੇ ਲੜਕੀ ਨੇ ਇਹ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਸ ’ਤੇ ਉਸਨੇ ਪੁਲਸ ਨੂੰ ਇਹ ਬਿਆਨ ਦਰਜ ਕਰਵਾਏ। ਮਾਛੀਵਾੜਾ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਪੁਲਸ ਵਲੋਂ ਲੜਕੀ ਦਾ ਸਮਰਾਲਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਜਿੱਥੇ ਮੌਜੂਦ ਡਾਕਟਰ ਗੁਰਦਵਿੰਦਰ ਕੌਰ ਨੇ ਦੱਸਿਆ ਕਿ ਲੜਕੀ ਦੇ ਮੈਡੀਕਲ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਲਈ ਲਿਖਿਆ ਜਾਵੇਗਾ।