ਦੋਰਾਹਾ, 29 ਜੁਲਾਈ (ਪੱਤਰ ਪ੍ਰੇਰਕ)-ਦੋਰਾਹਾ ਪੁਲਿਸ ਨੇ ਪਾਇਲ ਰੋਡ ਸਥਿਤ ਇੱਕ ਕਬਾੜ ਦੀ ਦੁਕਾਨ ਉੱਤੇ ਛਾਪੇਮਾਰੀ ਕਰਕੇ ਕਬਾੜ ਦੇ ਧੰਦੇ ਹੇਠ ਚੋਰੀ ਦੀਆਂ ਕਾਰਾਂ ਦਾ ਧੰਦਾ ਕਰਦੇ ਤਿੰਨ ਵਿਅਕਤੀ ਕਾਬੂ ਕੀਤੇ। ਡੀ. ਐੱਸ. ਪੀ. ਪਾਇਲ ਹਰਮਨਦੀਪ ਸਿੰਘ ਚੀਮਾ ਅਤੇ ਦੋਰਾਹਾ ਪੁਲਿਸ ਥਾਣਾ ਇੰਚਾਰਜ ਇੰਸਪੈਕਟਰ ਆਕਾਸ਼ ਦੱਤ ਨੇ ਦੱਸਿਆ ਕਿ ਵੱਡੀ ਮਾਤਰਾ ਵਿੱਚ ਕਬਾੜ ਦਾ ਸਮਾਨ, ਕੱਟੀਆਂ ਹੋਈਆਂ ਕਾਰਾਂ, ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨ ਅਤੇ ਵੱਖ-ਵੱਖ ਵਾਹਨਾਂ ਦੇ ਵੱਡੀ ਮਾਤਰਾ ਵਿੱਚ ਸਪੇਅਰ ਪਾਰਟਸ ਬਰਾਮਦ ਕੀਤੇ ਹਨ। ਮੌਕੇ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮਾਂ ਵੱਲੋਂ ਕੁੱਝ ਵਿਰੋਧ ਕੀਤਾ ਗਿਆ, ਜਿਸ ਕਾਰਨ ਪੁਲਿਸ ਨੂੰ ਥੋੜ੍ਹੀ ਜਦੋ-ਜਹਿਦ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨਾਂ ਵਿਅਕਤੀਆਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਵਾਹਨਾਂ ਅਤੇ ਸਪੇਅਰ ਪਾਰਟਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸਮਾਨ ਕਿੱਥੋਂ ਲਿਆਂਦਾ ਗਿਆ ਸੀ ਅਤੇ ਇਸ ਧੰਦੇ ਨਾਲ ਹੋਰ ਕਿਹੜੇ ਵਿਅਕਤੀ ਜੁੜੇ ਹੋਏ ਹਨ।
ਕਬਾੜ ਦੀ ਆੜ ਹੇਠ ਚੋਰੀ ਦਾ ਧੰਦਾ ਕਰਦੇ ਚੋਰੀ ਦੇ ਸਾਮਾਨ ਸਮੇਤ ਤਿੰਨ ਕਾਬੂ
ਅਜੀਤ ਡੈਸਕ
30-07-2026