ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਪੇਸ਼ ਕੀਤੀ ਹਾਈਟੈਕ ਜਾਂਚ ਦੀ ਮਿਸਾਲ
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਐਸ. ਐਸ.
ਐ
ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ
27-08-2026
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਅਪਰਾਧ ਦੀ ਜਾਂਚ ਵਿੱਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਦੀ ਚਰਚਾ ਸਿਰਫ਼ ਖੰਨਾ ਵਿਚ ਨਹੀਂ ਸਗੋਂ ਪੂਰੇ ਪੰਜਾਬ ਵਿਚ ਹੋ ਰਹੀ ਹੈ। ਆਮ ਤੌਰ ’ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਮੁਲਜ਼ਮ ਦੀ ਪਛਾਣ ਕਰਨਾ ਹੁੰਦੀ ਹੈ, ਪਰ ਇਸ ਮਾਮਲੇ ਵਿੱਚ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਰਵਾਇਤੀ ਜਾਂਚ ਦੇ ਨਾਲ ਸੀ. ਸੀ. ਟੀ. ਵੀ. ਦੇ, ਸੁਰਾਗਾਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜੋੜ ਕੇ ਜਾਂਚ ਨੂੰ ਇੱਕ ਨਵੇਂ ਪੱਧਰ ਤੱਕ ਪਹੁੰਚਾਇਆ ਹੈ। ਇਸ ਮਾਮਲੇ ਨੇ ਇਹ ਸਾਬਤ ਕੀਤਾ ਹੈ ਕਿ ਜੇਕਰ ਪੁਲਿਸ ਅਧਿਕਾਰੀ ਦੀ ਸੋਚ ਸਪੱਸ਼ਟ ਹੋਵੇ, ਟੀਮ ਨੂੰ ਸਹੀ ਦਿਸ਼ਾ ਮਿਲੇ ਅਤੇ ਆਧੁਨਿਕ ਤਕਨਾਲੋਜੀ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਅਪਰਾਧੀ ਵੱਲੋਂ ਛੱਡਿਆ ਗਿਆ ਬਹੁਤ ਛੋਟਾ ਸੁਰਾਗ ਵੀ ਉਸ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਰਸਤਾ ਬਣ ਸਕਦਾ ਹੈ। ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਖੁਦ ਇਸ ਪੂਰੀ ਜਾਂਚ ਦੀ ਨਿਗਰਾਨੀ ਕੀਤੀ ਅਤੇ ਜਾਂਚ ਟੀਮ ਨੂੰ ਹਰ ਪੜਾਅ ’ਤੇ ਸਹੀ ਦਿਸ਼ਾ ਦਿੱਤੀ। ਮਾਮਲਾ 22 ਅਗਸਤ ਦੀ ਸਵੇਰ ਦਾ ਹੈ। ਗੁਰੂ ਰਾਮਦਾਸ ਨਗਰ, ਖੰਨਾ ਵਾਸੀ ਸਰਬਜੀਤ ਕੌਰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾ ਰਹੀ ਸੀ ਤਾਂ ਬਾਈਕ ਸਵਾਰ ਇੱਕ ਲੁਟੇਰਾ ਉਸ ਦੇ ਕੰਨ ਤੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਿਆ। ਅਗਲੇ ਦਿਨ 23 ਅਗਸਤ ਨੂੰ ਇੱਕ ਹੋਰ ਬਜ਼ੁਰਗ ਔਰਤ ਨੂੰ ਵੀ ਇਸੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ। ਦੋ ਲਗਾਤਾਰ ਵਾਰਦਾਤਾਂ ਨੇ ਪੁਲਿਸ ਲਈ ਚੁਣੌਤੀ ਖੜ੍ਹੀ ਕੀਤੀ, ਪਰ ਐਸ. ਐਸ. ਪੀ.ਡਾ. ਦਰਪਣ ਆਹਲੂਵਾਲੀਆ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਨੂੰ ਤੁਰੰਤ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ। ਇਸ ਦੌਰਾਨ ਪੁਲਿਸ ਦੇ ਹੱਥ ਇੱਕ ਅਜਿਹਾ ਸੁਰਾਗ ਲੱਗਾ, ਜੋ ਪਹਿਲੀ ਨਜ਼ਰ ਵਿੱਚ ਬਹੁਤ ਮਾਮੂਲੀ ਲੱਗ ਸਕਦਾ ਸੀ। ਇੱਕ ਸ਼ੱਕੀ ਵਿਅਕਤੀ ਦੇ ਹੱਥ ਵਿੱਚ ਸੁਭਾਸ਼ ਬਾਜ਼ਾਰ ਦੀ ਇੱਕ ਦੁਕਾਨ ਦਾ ਕੈਰੀ ਬੈਗ ਨਜ਼ਰ ਆਇਆ। ਇੱਥੇ ਹੀ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਦੀ ਤਕਨਾਲੋਜੀ ਆਧਾਰਿਤ ਜਾਂਚ ਦੀ ਸੋਚ ਕੰਮ ਆਈ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਪੁਲਿਸ ਨੇ ਏ. ਆਈ. ਦੀ ਮਦਦ ਨਾਲ ਕੈਰੀ ਬੈਗ ’ਤੇ ਬਣੇ ਲੋਗੋ ਦਾ ਵਿਸ਼ਲੇਸ਼ਣ ਕਰਵਾਇਆ। 19 ਰਾਹੀਂ ਪਤਾ ਲੱਗਾ ਕਿ ਇਸੇ ਨਾਮ ਦੀਆਂ ਦੋ ਦੁਕਾਨਾਂ ਖੰਨਾ ਵਿੱਚ ਹਨ। ਪੁਲਿਸ ਟੀਮ ਨੇ ਇਸ ਸੁਰਾਗ ਨੂੰ ਅੱਗੇ ਵਧਾਉਂਦਿਆਂ ਸੰਬੰਧਿਤ ਦੁਕਾਨਾਂ ਦੀ ਜਾਂਚ ਕੀਤੀ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ। ਇਸ ਫੁਟੇਜ ਨੇ ਪੁਲਿਸ ਨੂੰ ਉਹ ਸਪੱਸ਼ਟ ਤਸਵੀਰ ਦੇ ਦਿੱਤੀ, ਜਿਸ ਦੀ ਮਦਦ ਨਾਲ ਸ਼ੱਕੀ ਦੀ ਪਛਾਣ ਸੰਭਵ ਹੋਈ। ਜਾਂਚ ਵਿੱਚ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਅਰਸ਼ਦੀਪ ਸਿੰਘ ਬੱਬੂ ਵਾਸੀ ਇਕੋਲਾਹਾ ਉਸੇ ਦੁਕਾਨ ’ਤੇ ਜੁੱਤੇ ਅਤੇ ਕੱਪੜੇ ਖਰੀਦਣ ਪਹੁੰਚਿਆ ਸੀ। ਲੁੱਟ ਤੋਂ ਬਾਅਦ ਕੀਤੀ ਗਈ ਇਹ ਖਰੀਦਦਾਰੀ ਹੀ ਆਖ਼ਰਕਾਰ ਉਸ ਲਈ ਸਭ ਤੋਂ ਵੱਡਾ ਸੁਰਾਗ ਬਣ ਗਈ। ਸੀ. ਸੀ. ਟੀ. ਵੀ ਫੁਟੇਜ ਤੋਂ ਚਿਹਰਾ ਸਪੱਸ਼ਟ ਹੋਣ ਤੋਂ ਬਾਅਦ ਪੁਲਿਸ ਨੇ 25 ਅਗਸਤ ਨੂੰ ਅਰਸ਼ਦੀਪ ਸਿੰਘ ਬੱਬੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਬਿਨਾਂ ਨੰਬਰ ਵਾਲੀ ਬਾਈਕ ਵੀ ਬਰਾਮਦ ਕੀਤੀ। ਇਸ ਤੋਂ ਬਾਅਦ ਪੁੱਛਗਿੱਛ ਦੌਰਾਨ ਅਰਸ਼ਦੀਪ ਨੇ ਆਪਣੇ ਸਾਥੀ ਦੀਪਕ ਬਾਲੀ ਵਾਸੀ ਪੀਰਖਾਨਾ ਰੋਡ, ਖੰਨਾ ਦਾ ਨਾਮ ਦੱਸਿਆ। ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਾਂਚ ਨੂੰ ਇੱਥੇ ਹੀ ਰੋਕਣ ਦੀ ਬਜਾਏ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਨੇ ਅੱਗੇ ਦੀ ਕੜੀ ਜੋੜਨੀ ਸ਼ੁਰੂ ਕੀਤੀ। ਜਾਂਚ ਦੌਰਾਨ ਲੁੱਟੇ ਗਏ ਸੋਨੇ ਦੇ ਗਹਿਣਿਆਂ ਨੂੰ ਵੇਚਣ ਦੇ ਮਾਮਲੇ ਨਾਲ ਜੁੜੇ ਦੋ ਜਵੈਲਰਾਂ ਤੱਕ ਵੀ ਪੁਲਿਸ ਪਹੁੰਚ ਗਈ। ਪੁਲਿਸ ਮੁਤਾਬਕ ਦੋਵੇਂ ਮੁਲਜ਼ਮ ਲੁੱਟ ਅਤੇ ਚੋਰੀ ਕੀਤੇ ਸੋਨੇ ਦੇ ਗਹਿਣੇ ਖੰਨਾ ਦੇ ਸਰਾਫਾ ਬਾਜ਼ਾਰ ਵਿੱਚ ਰਮੇਸ਼ ਜਵੈਲਰਜ਼ ਦੇ ਮਾਲਕ ਕਪਿਲ ਕੁਮਾਰ ਅਤੇ ਉਸ ਦੇ ਭਰਾ ਜਤਿੰਦਰ ਕੁਮਾਰ ਨੂੰ ਵੇਚਦੇ ਸਨ। ਪੁਲਿਸ ਨੇ ਦੋਵੇਂ ਜਵੈਲਰਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟ ਨਾਲ ਸਬੰਧਤ ਸਾਮਾਨ ਵੀ ਬਰਾਮਦ ਕੀਤਾ। ਇਸ ਤਰ੍ਹਾਂ ਇੱਕ ਆਮ ਝਪਟਮਾਰੀ ਦੀ ਜਾਂਚ ਅੱਗੇ ਵਧਦਿਆਂ ਕਥਿਤ ਤੌਰ ’ਤੇ ਲੁੱਟ ਦੇ ਮਾਲ ਨੂੰ ਖਪਾਉਣ ਵਾਲੀ ਕੜੀ ਤੱਕ ਪਹੁੰਚ ਗਈ। ਪੁਲਿਸ ਰਿਕਾਰਡ ਮੁਤਾਬਕ ਅਰਸ਼ਦੀਪ ਸਿੰਘ ਖ਼ਿਲਾਫ਼ ਪਹਿਲਾਂ ਤੋਂ ਦੋ ਮਾਮਲੇ ਅਤੇ ਦੀਪਕ ਬਾਲੀ ਖ਼ਿਲਾਫ਼ ਪੰਜ ਮਾਮਲੇ ਦਰਜ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਿਸ ਨੇ ਸਿਰਫ਼ ਤਾਜ਼ਾ ਵਾਰਦਾਤ ਨੂੰ ਟਰੇਸ ਕਰਕੇ ਮਾਮਲਾ ਖਤਮ ਨਹੀਂ ਕੀਤਾ, ਸਗੋਂ ਪੁੱਛਗਿੱਛ ਅਤੇ ਜਾਂਚ ਨੂੰ ਅੱਗੇ ਵਧਾ ਕੇ ਕਥਿਤ ਤੌਰ ’ਤੇ ਪੁਰਾਣੀਆਂ ਵਾਰਦਾਤਾਂ ਅਤੇ ਲੁੱਟ ਦੇ ਸਾਮਾਨ ਦੇ ਨੈੱਟਵਰਕ ਦੀਆਂ ਕੜੀਆਂ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸ ਪੂਰੀ ਜਾਂਚ ਵਿੱਚ ਸਭ ਤੋਂ ਵੱਧ ਸ਼ਲਾਘਾਯੋਗ ਗੱਲ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਅਤੇ ਉਨ੍ਹਾਂ ਦੀ ਤਕਨਾਲੋਜੀ ਨੂੰ ਜਾਂਚ ਦਾ ਹਿੱਸਾ ਬਣਾਉਣ ਵਾਲੀ ਸੋਚ ਰਹੀ। ਇੱਕ ਆਮ ਕੈਰੀ ਬੈਗ ਦੇ ਲੋਗੋ ਨੂੰ ਸੁਰਾਗ ਵਜੋਂ ਪਛਾਣਨਾ, 19 ਦੀ ਮਦਦ ਨਾਲ ਉਸ ਦੀ ਪਛਾਣ ਕਰਨਾ, ਦੁਕਾਨ ਦੀ ਸੀ. ਸੀ. ਟੀ. ਵੀ ਫੁਟੇਜ ਤੱਕ ਪਹੁੰਚਣਾ, ਸ਼ੱਕੀ ਦਾ ਚਿਹਰਾ ਸਪੱਸ਼ਟ ਕਰਨਾ ਅਤੇ ਫਿਰ ਮੁਲਜ਼ਮ ਤੱਕ ਪਹੁੰਚਣਾ—ਇਹ ਪੂਰੀ ਕੜੀ ਪੁਲਿਸ ਦੀ ਬਾਰੀਕ ਜਾਂਚ ਅਤੇ ਐਸ. ਐਸ ਪੀ ਦੀ ਪ੍ਰਭਾਵਸ਼ਾਲੀ ਨਿਗਰਾਨੀ ਨੂੰ ਦਰਸਾਉਂਦੀ ਹੈ। ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਹੋਈ ਇਹ ਕਾਰਵਾਈ ਖੰਨਾ ਪੁਲਿਸ ਲਈ ਸਿਰਫ਼ ਇੱਕ ਕੇਸ ਦੀ ਸਫਲਤਾ ਨਹੀਂ, ਸਗੋਂ ਇਹ ਸੰਦੇਸ਼ ਵੀ ਹੈ ਕਿ ਖੰਨਾ ਪੁਲਿਸ ਅਪਰਾਧੀਆਂ ਨਾਲ ਨਜਿੱਠਣ ਲਈ ਆਧੁਨਿਕ ਤਕਨਾਲੋਜੀ ਅਤੇ ਰਵਾਇਤੀ ਪੁਲਿਸਿੰਗ ਦੋਵਾਂ ਨੂੰ ਇਕੱਠੇ ਵਰਤ ਰਹੀ ਹੈ।