ਗੰਜੇਪਣ ਦਾ ਇਲਾਜ ਕਰਨ ਵਾਲੇ ਸੈਲੂਨ ’ਤੇ ਸਿਹਤ ਵਿਭਾਗ ਦੀ ਰੇਡ
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਜੀ. ਟੀ.
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਜੀ. ਟੀ. ਬੀ. ਮਾਰਕੀਟ ਸਥਿਤ ਚਰਚਿਤ ਇੱਕ ਸੈਲੂਨ ਵਿੱਚ ਗੰਜੇਪਣ ਦੇ ਇਲਾਜ ਦੇ ਦਾਅਵੇ ਨੂੰ ਲੈ ਕੇ ਮੰਗਲਵਾਰ ਨੂੰ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਰੇਡ ਕੀਤੀ। ਸੈਲੂਨ ਵਿੱਚ ਲੋਕਾਂ ਨੂੰ ਗੰਜੇਪਣ ਦੇ ਇਲਾਜ ਦੇ ਨਾਂ ’ਤੇ ਹੇਅਰ ਪੈਕ ਲਗਾਏ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਪਹੁੰਚੀ ਟੀਮ ਨੇ ਉਥੇ ਵਰਤੇ ਜਾ ਰਹੇ ਹੇਅਰ ਪੈਕ ਪਾਊਡਰ, ਸ਼ੈਂਪੂ ਅਤੇ ਤੇਲ ਦੇ ਸੈਂਪਲ ਲਏ। ਇਹ ਸੈਂਪਲ ਜਾਂਚ ਲਈ ਭੇਜੇ ਜਾਣਗੇ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਨ੍ਹਾਂ ਉਤਪਾਦਾਂ ਵਿੱਚ ਵਰਤੀ ਜਾ ਰਹੀ ਸਮੱਗਰੀ ਕਿਵੇਂ ਅਤੇ ਕਿੱਥੇ ਤਿਆਰ ਕੀਤੀ ਜਾ ਰਹੀ ਸੀ। ਕਾਰਵਾਈ ਦੌਰਾਨ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਰਮਨ ਖੰਨਾ, ਡਰੱਗ ਇੰਸਪੈਕਟਰ ਸੰਦੀਪ ਕੌਸ਼ਿਕ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਮੌਜੂਦ ਰਹੇ। ਟੀਮ ਨੇ ਸੈਲੂਨ ਵਿੱਚ ਮੌਜੂਦ ਉਤਪਾਦਾਂ ਅਤੇ ਉਥੇ ਚੱਲ ਰਹੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਅਤੇ ਵੱਖ-ਵੱਖ ਸਮੱਗਰੀ ਦੇ ਸੈਂਪਲ ਆਪਣੇ ਕਬਜ਼ੇ ਵਿੱਚ ਲਏ। ਸਿਹਤ ਵਿਭਾਗ ਦੀ ਟੀਮ ਨੇ ਸੈਲੂਨ ਸੰਚਾਲਕ ਨੂੰ ਸਖ਼ਤ ਹਦਾਇਤ ਦਿੱਤੀ ਕਿ ਜਦੋਂ ਤੱਕ ਸੈਂਪਲਾਂ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਗੰਜੇਪਣ ਦੇ ਇਲਾਜ ਦੇ ਨਾਂ ’ਤੇ ਕਿਸੇ ਵੀ ਵਿਅਕਤੀ ਨੂੰ ਹੇਅਰ ਪੈਕ ਨਾ ਲਗਾਇਆ ਜਾਵੇ ਅਤੇ ਨਾ ਹੀ ਕੋਈ ਉਤਪਾਦ ਵੇਚਿਆ ਜਾਵੇ। ਸੈਲੂਨ ਵਿੱਚ ਮੌਜੂਦ ਸਮੱਗਰੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸੈਂਪਲ ਰਿਪੋਰਟ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ। ਜੇਕਰ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਜਾਂ ਕੋਈ ਹੋਰ ਬੇਨਿਯਮਤਾ ਸਾਹਮਣੇ ਆਉਂਦੀ ਹੈ ਤਾਂ ਵਿਭਾਗ ਵੱਲੋਂ ਵੱਡੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਜਾਣਕਾਰੀ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਸਿਹਤ ਵਿਭਾਗ ਅਤੇ ਪੁਲਿਸ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਕਿ ਇਸ ਸੈਲੂਨ ਵਿੱਚ ਮੁੜ ਗੰਜੇਪਣ ਦੇ ਇਲਾਜ ਦਾ ਦਾਅਵਾ ਕਰਦੇ ਹੋਏ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ। ਸ਼ਿਕਾਇਤਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਲਾਜ ਦੀ ਉਮੀਦ ਵਿੱਚ ਇੱਥੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ ਅਤੇ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਸਮੇਤ ਹੋਰ ਇਲਾਕਿਆਂ ਤੋਂ ਵੀ ਲੋਕ ਇੱਥੇ ਪਹੁੰਚਦੇ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਵੱਲੋਂ ਮੰਗਲਵਾਰ ਨੂੰ ਕਾਰਵਾਈ ਕੀਤੀ ਗਈ। ਉਧਰ, ਸੈਂਪਲ ਲੈਣ ਤੋਂ ਬਾਅਦ ਸੈਲੂਨ ਸੰਚਾਲਕ ਨੇ ਵੀ ਖੁਦ ਸੋਸ਼ਲ ਮੀਡੀਆ ’ਤੇ ਆਪਣੇ ਪੇਜ ਰਾਹੀਂ ਲਾਈਵ ਹੋ ਕੇ ਕਿਹਾ ਕਿ ਅੱਜ ਤੋਂ ਬਾਅਦ ਸੈਲੂਨ ਵਿੱਚ ਹੇਅਰ ਪੈਕ ਨਹੀਂ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸੈਲੂਨ ਦਾ ਨਾਂ ਕਰੀਬ ਡੇਢ ਸਾਲ ਪਹਿਲਾਂ ਵੀ ਗੰਜੇਪਣ ਦੇ ਇਲਾਜ ਨੂੰ ਲੈ ਕੇ ਵਿਵਾਦਾਂ ਵਿੱਚ ਆਇਆ ਸੀ। ਉਸ ਸਮੇਂ ਵੀ ਵੱਡੀ ਗਿਣਤੀ ਵਿੱਚ ਲੋਕ ਗੰਜੇਪਣ ਦਾ ਇਲਾਜ ਕਰਵਾਉਣ ਲਈ ਇੱਥੇ ਪਹੁੰਚੇ ਸਨ। ਲੋਕਾਂ ਦੀ ਭੀੜ ਨੂੰ ਦੇਖਦਿਆਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਸੀ ਅਤੇ ਸੈਲੂਨ ਨੂੰ ਸੀਲ ਕਰ ਦਿੱਤਾ ਗਿਆ ਸੀ। ਉਸ ਸਮੇਂ ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਸੀ, ਜਦੋਂ ਸੰਗਰੂਰ ਵਿੱਚ ਗੰਜੇਪਣ ਦੇ ਇਲਾਜ ਦਾ ਦਾਅਵਾ ਕਰਨ ਵਾਲੇ ਇੱਕ ਕੈਂਪ ਵਿੱਚ ਹੇਅਰ ਟਰੀਟਮੈਂਟ ਤੋਂ ਬਾਅਦ ਕਈ ਲੋਕਾਂ ਨੇ ਇਨਫੈਕਸ਼ਨ ਅਤੇ ਰਿਐਕਸ਼ਨ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਉਸ ਘਟਨਾਕ੍ਰਮ ਤੋਂ ਬਾਅਦ ਖੰਨਾ ਵਿੱਚ ਵੀ ਸੈਲੂਨ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਦੱਸਿਆ ਗਿਆ ਸੀ ਕਿ ਕੁਝ ਲੋਕ ਸਵੇਰੇ ਕਰੀਬ 5 ਵਜੇ ਤੋਂ ਹੀ ਲਾਈਨ ਵਿੱਚ ਖੜ੍ਹੇ ਹੋ ਗਏ ਸਨ ਅਤੇ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਵੀ ਲੋਕ ਇੱਥੇ ਪਹੁੰਚੇ ਸਨ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ ਅਤੇ ਸੈਲੂਨ ਨੂੰ ਸੀਲ ਕਰ ਦਿੱਤਾ ਸੀ। ਹੁਣ ਡੇਢ ਸਾਲ ਬਾਅਦ ਇੱਕ ਵਾਰ ਫਿਰ ਇਸੇ ਸੈਲੂਨ ਵਿੱਚ ਸਿਹਤ ਵਿਭਾਗ ਦੀ ਰੇਡ ਅਤੇ ਸੈਂਪਲਿੰਗ ਨਾਲ ਪੁਰਾਣਾ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਹਾਲਾਂਕਿ ਇਸ ਵਾਰ ਵਿਭਾਗ ਨੇ ਕਿਸੇ ਵੀ ਉਤਪਾਦ ਨੂੰ ਲੈ ਕੇ ਕੋਈ ਅੰਤਿਮ ਨਤੀਜਾ ਨਹੀਂ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਂਪਲਾਂ ਦੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।