ਚਲਦੀ ਕਾਰ ’ਚ ਹੀ ਬੱਚੇ ਨੇ ਲਿਆ ਜਨਮ
ਖੰਨਾ ਸਿਵਲ ਹਸਪਤਾਲ ਪਹੁੰਚਦਿਆਂ ਹੀ ਮਾਂ-ਬੱਚੇ ਨੂੰ ਮਿਲੀ ਤੁਰੰਤ ਸਿਹਤ ਸਹੂਲਤ
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅਮਲੋਹ ਰੋਡ ਖੰਨਾ ’ਤੇ ਅੱਜ ਇੱਕ ਗਰਭਵਤੀ ਔਰਤ ਨੇ ਚਲਦੀ ਕਾਰ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਬੱਚੇ ਦੇ ਜਨਮ ਤੋਂ ਬਾਅਦ ਉਸ ਦਾ ਪਤੀ ਤੁਰੰਤ ਮਾਂ ਅਤੇ ਨਵਜੰਮੇ ਬੱਚੇ ਨੂੰ ਲੈ ਕੇ ਸਿਵਲ ਹਸਪਤਾਲ ਖੰਨਾ ਪਹੁੰਚਿਆ, ਜਿੱਥੇ ਡਾਕਟਰਾਂ ਅਤੇ ਸਟਾਫ਼ ਨੇ ਐਮਰਜੈਂਸੀ ਵਿੱਚ ਦੋਵਾਂ ਦੀ ਸੰਭਾਲ ਕੀਤੀ।
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅਮਲੋਹ ਰੋਡ ਖੰਨਾ ’ਤੇ ਅੱਜ ਇੱਕ ਗਰਭਵਤੀ ਔਰਤ ਨੇ ਚਲਦੀ ਕਾਰ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਬੱਚੇ ਦੇ ਜਨਮ ਤੋਂ ਬਾਅਦ ਉਸ ਦਾ ਪਤੀ ਤੁਰੰਤ ਮਾਂ ਅਤੇ ਨਵਜੰਮੇ ਬੱਚੇ ਨੂੰ ਲੈ ਕੇ ਸਿਵਲ ਹਸਪਤਾਲ ਖੰਨਾ ਪਹੁੰਚਿਆ, ਜਿੱਥੇ ਡਾਕਟਰਾਂ ਅਤੇ ਸਟਾਫ਼ ਨੇ ਐਮਰਜੈਂਸੀ ਵਿੱਚ ਦੋਵਾਂ ਦੀ ਸੰਭਾਲ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅਮਲੋਹ ਦੇ ਸਿਵਲ ਹਸਪਤਾਲ ਨੇੜੇ ਰਹਿਣ ਵਾਲੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਡਰਾਈਵਰੀ ਦਾ ਕੰਮ ਕਰਦਾ ਹੈ। ਉਹ ਕਿਸੇ ਕੰਮ ਸਬੰਧੀ ਪਿੰਡ ਗਿਆ ਹੋਇਆ ਸੀ। ਇਸ ਦੌਰਾਨ ਉਸ ਨੂੰ ਘਰੋਂ ਫੋਨ ਆਇਆ ਕਿ ਉਸ ਦੀ ਪਤਨੀ ਨੂੰ ਜਣੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ ਹਨ। ਉਹ ਤੁਰੰਤ ਘਰ ਵਾਪਸ ਆਇਆ ਅਤੇ ਆਪਣੀ ਪਤਨੀ ਨੂੰ ਕਾਰ ਵਿੱਚ ਬਿਠਾ ਕੇ ਖੰਨਾ ਵੱਲ ਰਵਾਨਾ ਹੋ ਗਿਆ। ਪ੍ਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਮਲੋਹ ਰੋਡ ’ਤੇ ਪਹੁੰਚੇ ਤਾਂ ਰਸਤੇ ਵਿੱਚ ਹੀ ਉਸ ਦੀ ਪਤਨੀ ਨੇ ਕਾਰ ਵਿੱਚ ਬੱਚੇ ਨੂੰ ਜਨਮ ਦੇ ਦਿੱਤਾ। ਇਸ ਤੋਂ ਬਾਅਦ ਉਹ ਬਿਨਾਂ ਦੇਰੀ ਕੀਤੇ ਸਿਵਲ ਹਸਪਤਾਲ ਖੰਨਾ ਪਹੁੰਚਿਆ ਅਤੇ ਡਾਕਟਰਾਂ ਨੂੰ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਦੇ ਐਮਰਜੈਂਸੀ ਸਟਾਫ਼ ਨੇ ਤੁਰੰਤ ਮਾਂ ਅਤੇ ਬੱਚੇ ਨੂੰ ਸੰਭਾਲਿਆ ਅਤੇ ਅੱਗੇ ਦੀ ਡਾਕਟਰੀ ਦੇਖਭਾਲ ਸ਼ੁਰੂ ਕੀਤੀ। ਮੌਕੇ ’ਤੇ ਐਸ. ਐਮ. ਓ. ਡਾ. ਮਨਿੰਦਰ ਭਸੀਨ ਵੀ ਪਹੁੰਚੇ ਅਤੇ ਆਪਣੀ ਨਿਗਰਾਨੀ ਹੇਠ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਯਕੀਨੀ ਬਣਾਈ। ਹਸਪਤਾਲ ਪ੍ਰਬੰਧਨ ਮੁਤਾਬਕ ਇਸ ਸਮੇਂ ਜੱਚਾ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਆਪਣੀ ਪਤਨੀ ਦਾ ਇਲਾਜ ਖੰਨਾ ਦੇ ਸਿਵਲ ਹਸਪਤਾਲ ਵਿੱਚ ਕਰਵਾ ਰਿਹਾ ਸੀ। ਉਸ ਨੇ ਅਮਲੋਹ ਦੇ ਸਰਕਾਰੀ ਹਸਪਤਾਲ ਵਿੱਚ ਸਹੂਲਤਾਂ ਦੀ ਘਾਟ ਹੋਣ ਦੇ ਦੋਸ਼ ਵੀ ਲਗਾਏ। ਉਸ ਨੇ ਕਿਹਾ ਕਿ ਖੰਨਾ ਸਿਵਲ ਹਸਪਤਾਲ ਵਿੱਚ ਪਹੁੰਚਣ ’ਤੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਤੁਰੰਤ ਸਿਹਤ ਸਹੂਲਤਾਂ ਮਿਲੀਆਂ, ਜਿਸ ਲਈ ਉਸ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ।