ਮਹਿਲ ਕਲਾਂ, 31 ਦਸੰਬਰ (ਤਰਸੇਮ ਸਿੰਘ ਗਹਿਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਸੇਖੋਂ ਮੂੰਮ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਬਿਲ 2025 ਲਿਆ ਕਿ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਇਸ ਫ਼ੈਸਲੇ ਨਾਲ ਕਾਰਪੋਰੇਟ ਘਰਾਨਿਆਂ ਦੇ ਮੁਨਾਫ਼ਿਆਂ ਵਿਚ ਵਾਧਾ ਤੇ ਲੋੜਵੰਦ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਬਸਿਡੀਆਂ ਖ਼ਤਮ ਕੀਤੀਆਂ ਜਾਣਗੀਆਂ | ਜਿਵੇਂ ਕਿ ਕਰਾਸ ਸਬਸਿਡੀ ਰਾਹੀਂ ਧਨਾਢ ਲੋਕਾਂ ਦੇ ਘਰੇਲੂ ਖਪਤ ਦੇ ਬਿਲ ਵੱਧ ਰੇਟ ਨਾਲ ਤਹਿ ਕੀਤੇ ਜਾਂਦੇ ਸਨ ਅਤੇ ਗ਼ਰੀਬਾਂ ਨੂੰ ਘੱਟ ਰੇਟ ਮੁਤਾਬਿਕ ਬਿਲ ਆਉਂਦਾ ਸੀ ਸਾਰਿਆਂ ਨੂੰ ਬਰਾਬਰ ਕਰਨ ਦੇ ਨਾਮ ਤੇ ਬਿਜਲੀ ਬਿਲ 2025 ਰਾਹੀਂ ਸਾਰਿਆਂ ਨੂੰ ਇੱਕੋ ਰੇਟ ਲਗਾਇਆ ਜਾਵੇਗਾ | ਆਗੂਆਂ ਨੇ ਦੱਸਿਆ ਕਿ ਇਸ ਦੇ ਤਹਿਤ ਕਾਮਿਆਂ ਨੂੰ ਜਥੇਬੰਦੀ ਬਣਾਉਣ ਦਾ ਹੱਕ ਖੋਹਿਆ ਜਾ ਰਿਹਾ ਹੈ | ਅੱਠ ਘੰਟੇ ਦਿਹਾੜੀ ਜਿਹੜੀ ਮਜ਼ਦੂਰਾਂ ਨੇ ਜਾਨ ਹੂਲਵਾ ਸੰਘਰਸ਼ ਕਰ ਕੇ ਮੰਗ ਮਨਵਾਈ ਸੀ | ਉਸ ਵਿਚ ਸੋਧ ਕਰ ਕੇ ਕਾਰਪੋਰੇਟ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ | ਜਿਸ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਕੀਤਾ ਜਾ ਰਿਹਾ ਹੈ | ਬਿਲ ਲਿਆਉਣ ਲਈ ਕੇਂਦਰ ਸਰਕਾਰ ਤਰਲੋਮੱਛੀ ਹੋ ਰਹੀ ਹੈ | ਇਸ ਬਿਲ ਦੇ ਆਉਣ ਨਾਲ ਕਿਸਾਨ ਤੋਂ ਆਪਣਾ ਬੀਜ ਤਿਆਰ ਕਰਨ ਦਾ ਅਧਿਕਾਰ ਵੀ ਖੁੱਸ ਜਾਵੇਗਾ | ਬੀਜ ਤਿਆਰ ਕਰਨ ਲਈ ਲਾਇਸੰਸ ਲੈਣਾ ਪਵੇਗਾ, ਲਾਇਸੰਸ ਦੇਣ ਦਾ ਅਧਿਕਾਰ ਸੈਂਟਰ ਕੋਲ ਹੋਵੇਗਾ, ਆਮ ਕਿਸਾਨ ਲਾਇਸੰਸ ਲੈਣ ਤੋਂ ਵਾਂਝੇ ਹੋ ਜਾਣਗੇ | ਕੰਪਨੀਆਂ ਇਸ ਤਰ੍ਹਾਂ ਦੇ ਬੀਜ ਤਿਆਰ ਕਰਨਗੀਆਂ ਜਿਸ 'ਤੇ ਖਾਦ, ਕੀੜੇਮਾਰ ਅਤੇ ਨਦਾਨ ਨਾਸ਼ਕ ਦੀ ਵੱਧ ਤੋਂ ਵੱਧ ਵਰਤੋਂ ਹੋਵੇ ਤੇ ਕੰਪਨੀਆਂ ਹੋਰ ਵੱਧ ਲੁੱਟ ਕਰਨਗੀਆਂ | ਇਸ ਮੌਕੇ ਸੋਨੀ ਦੱਧਾਹੂਰ, ਜੱਗਾ ਸਿੰਘ ਮਹਿਲ ਕਲਾਂ, ਸੱਤਪਾਲ ਸਿੰਘ ਸੋਹੀ ਨੇ ਕਿਹਾ ਕਿ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਜੀ.ਰਾਮ ਜੀ ਦੀ ਸਕੀਮ ਲਿਆ ਕਿ ਜੋ ਸਾਡੇ ਮਜ਼ਦੂਰ ਭਰਾਵਾਂ ਨੂੰ ਨਿਗੂਣਾ ਰੁਜ਼ਗਾਰ ਮਿਲਦਾ ਹੈ, ਉਸ ਤੋਂ ਵੀ ਵਾਂਝੇ ਹੋ ਜਾਣਗੇ | ਇਸ ਲਈ ਹਰ ਇਕ ਮਿਹਨਤਕਸ਼ ਤਬਕੇ ਦੇ ਬੁਨਿਆਦੀ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ | ਜਿਸ ਦੇ ਵਿਰੋਧ ਵਿਚ ਪਿੰਡਾਂ ਵਿਚ ਢੋਲ ਮਾਰਚ ਕਰ ਕੇ 16 ਜਨਵਰੀ ਨੂੰ ਡੀ.ਸੀ ਬਰਨਾਲਾ ਦੇ ਦਫ਼ਤਰ ਅੱਗੇ ਵੱਡੀ ਪੱਧਰ 'ਤੇ ਧਰਨਾ ਦਿੱਤਾ ਜਾਵੇਗਾ |