ਬਰਨਾਲਾ, 2 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਬੀਤੇ ਦਿਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਰਮਾਣੂ ਠਿਕਾਣਿਆਂ ਸਬੰਧੀ ਜਾਣਕਾਰੀ ਦੇ ਅਦਾਨ-ਪ੍ਰਦਾਨ ਲਈ ਇਕ ਮਹੱਤਵਪੂਰਨ ਫ਼ੈਸਲਾ ਹੋਇਆ ਹੈ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈਆਂ ਜੰਗਾਂ ਦੌਰਾਨ ਸਰਕਾਰੀ ਅੰਕੜਿਆਂ ਮੁਤਾਬਿਕ 55 ਫ਼ੌਜੀ ਜੰਗੀ ਕੈਦੀ ਜਿਹੜੇ ਪਾਕਿਸਤਾਨ ਦੀਆ ਜੇਲ੍ਹਾਂ ਵਿਚ ਸੜ ਰਹੇ ਹਨ, ਨੂੰ ਛੁਡਵਾਉਣ ਲਈ ਭਾਰਤ ਸਰਕਾਰ ਚੁੱਪਚਾਪ ਬੈਠੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਫ਼ਿਰੋਜਪੁਰ ਦੇ ਸਤੀਸ਼ ਕੁਮਾਰ ਜਿਸ ਨੇ 12 ਸਾਲ ਜਾਸੂਸੀ ਦੇ ਦੋਸ਼ ਹੇਠ ਪਾਕਿਸਤਾਨੀ ਜੇਲ੍ਹ ਕੱਟੀ ਹੈ ਅਤੇ ਉਹ ਸਜ਼ਾ ਪੂਰੀ ਕਰ ਕੇ ਵਤਨ ਵਾਪਸ ਆ ਗਏ ਸਨ, ਨੇ ਕਈ ਸਾਲ ਪਹਿਲਾਂ ਹਲਫ਼ੀਆ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬਹੁਤ ਭਾਰਤੀ ਨਾਗਰਿਕ ਅਤੇ ਜੰਗੀ ਕੈਦੀ ਬੰਦ ਹਨ | ਉਸ ਨੇ ਦੱਸਿਆ ਕਿ ਸਿਪਾਹੀ ਲਾਲ ਸਿੰਘ ਪੁੱਤਰ ਨਿੱਕਾ ਸਿੰਘ 6 ਸਿੱਖ ਲਾਈ ਯੂਨਿਟ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਹਨ ਉਹ ਲਾਹੌਰ ਅਤੇ ਕਿਲ੍ਹਾ ਅਟਕ ਫਰੰਟੀਅਰ ਜੇਲ੍ਹ ਵਿਚ ਮੇਰੇ ਨਾਲ ਸਨ ਜਿਹੜੇ ਕੇ ਹੁਣ 80 ਸਾਲ ਤੋਂ ਉੱਪਰ ਹਨ ਅੱਜ ਵੀ ਉਨ੍ਹਾਂ ਦੀ ਧਰਮਪਤਨੀ ਅਤੇ ਬੇਟਾ ਉਨ੍ਹਾਂ ਦੀ ਵਾਪਸੀ ਦਾ ਰਾਹ ਉਡੀਕ ਰਹੇ ਹਨ | ਕੈਪਟਨ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੇ ਜੰਗੀ ਕੈਦੀਆਂ ਨੂੰ ਛੁਡਵਾਉਣ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ | ਇਸ ਸਬੰਧ ਵਿਚ ਉਨ੍ਹਾਂ ਵਲੋਂ ਵਿਦੇਸ਼ ਮੰਤਰੀ ਨੂੰ ਇਕ ਚਿੱਠੀ ਵੀ ਲਿਖੀ ਗਈ ਹੈ ਅਤੇ ਇਸ ਚਿੱਠੀ ਨਾਲ ਸਤੀਸ਼ ਕੁਮਾਰ ਵਲੋਂ ਦਿੱਤੇ ਗਏ ਹਲਫ਼ੀਆ ਬਿਆਨ ਦੀ ਕਾਪੀ ਵੀ ਸ਼ਾਮਲ ਹੈ |