ਹੰਡਿਆਇਆ, 2 ਜਨਵਰੀ (ਗੁਰਜੀਤ ਸਿੰਘ ਖੁੱਡੀ)-ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਵਲੋਂ ਹੰਡਿਆਇਆ ਵਿਖੇ ਪਿਛਲੇ ਦੋ ਮਹੀਨਿਆਂ ਤੋਂ ਪੈਨਸ਼ਨਾਂ ਨਾ ਆਉਣ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਦੇ ਪ੍ਰਧਾਨ ਤੇਜਿੰਦਰ ਦਾਸ ਬਾਵਾ, ਮੀਤ ਪ੍ਰਧਾਨ ਕੁਲਦੀਪ ਕੌਰ, ਗੁਰਪ੍ਰੀਤ ਕੌਰ, ਅਮਰਜੀਤ ਕੌਰ, ਪਰਵੇਜ਼ ਖ਼ਾਨ, ਹਰਦਿਆਲ ਸ਼ਰਮਾ, ਅਜੈਬ ਸਿੰਘ ਬਾਬਾ, ਗੁਰਦੀਪ ਕੌਰ, ਰਾਜਦੀਪ ਬਾਵਾ, ਅਨਵਰ ਖ਼ਾਨ ਨੇ ਪੰਜਾਬ ਸਰਕਾਰ ਵਲੋਂ ਅੰਗਹੀਣਾਂ, ਵਿਧਵਾਵਾਂ, ਬੁਢਾਪਾ ਪੈਨਸ਼ਨਾਂ ਸਹੀ ਸਮੇਂ 'ਤੇ ਨਾ ਪਾਏ ਜਾਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਪੈਨਸ਼ਨ 'ਤੇ ਹੀ ਨਿਰਭਰ ਹਾਂ ਜਿਸ ਕਾਰਨ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋਇਆ ਪਿਆ ਹੈ | ਪੰਜਾਬ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਪੈਨਸ਼ਨ 1500 ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਜਾਵੇਗੀ, ਪੈਨਸ਼ਨ ਵਧਾਉਣੀ ਤਾਂ ਕੀ ਸੀ, ਸਰਕਾਰ ਪਹਿਲਾਂ ਵਾਲੀ ਪੈਨਸ਼ਨ ਵੀ 2-2 ਮਹੀਨ ਤੋਂ ਨਹੀਂ ਪਾ ਰਹੀ ਹੈ | ਆਗੂਆਂ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਪੈਨਸ਼ਨ ਨਾ ਪਾਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਮਾਲੀ ਸਿੰਘ, ਕਰਨੈਲ ਸਿੰਘ, ਗੁਰਸੇਵਕ ਸਿੰਘ, ਬਬਲੀ ਸਿੰਘ, ਸਾਧੂ ਸਿੰਘ, ਚਰਨੋ ਕੌਰ, ਸੁਰਜੀਤ ਸਿੰਘ, ਵਿੱਕੀ ਕੁਮਾਰ, ਨਾਥ ਸਿੰਘ, ਮਾਇਆ ਦੇਵੀ ਆਦਿ ਹਾਜ਼ਰ ਸਨ |