ਟੱਲੇਵਾਲ, 2 ਜਨਵਰੀ (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ ਲੋਕ ਆਵਾਜ਼ਾਂ ਨੂੰ ਚੁੱਪ ਕਰਵਾਉਣ ਦੀ ਨੀਤੀ ਹੇਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਗਿ੍ਫ਼ਤਾਰ ਕਰਨਾ ਅਤੇ ਸੱਚ ਲਿਖਣ ਅਤੇ ਸੱਚ ਦਿਖਾਉਣ ਵਾਲੇ ਪੱਤਰਕਾਰਾਂ 'ਤੇ ਪਰਚਾ ਦਰਜ ਕਰਨਾ ਸਿੱਧਾ ਲੋਕਤੰਤਰ, ਸੰਵਿਧਾਨ ਅਤੇ ਵਿਅਕਤੀਗਤ ਆਜ਼ਾਦੀ 'ਤੇ ਖੁੱਲ੍ਹਾ ਹਮਲਾ ਹੈ | ਇਹ ਸ਼ਬਦ ਡਾ: ਜਗਰਾਜ ਸਿੰਘ ਟੱਲੇਵਾਲ ਆਗੂ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਇਹ ਗਿ੍ਫ਼ਤਾਰੀ ਕਿਸੇ ਕਾਨੂੰਨ ਦੀ ਪਾਲਣਾ ਨਹੀਂ, ਸਗੋਂ ਸਰਕਾਰ ਦੀ ਘਬਰਾਹਟ ਅਤੇ ਤਾਨਾਸ਼ਾਹੀ ਸੋਚ ਦਾ ਸਬੂਤ ਹੈ | ਮੁਕੇਸ਼ ਮਲੌਦ ਕੋਈ ਅਪਰਾਧੀ ਨਹੀਂ, ਸਗੋਂ ਉਹ ਕਿਸਾਨਾਂ, ਮਜ਼ਦੂਰਾਂ ਅਤੇ ਜ਼ਮੀਨ ਤੋਂ ਉਜਾੜੇ ਜਾ ਰਹੇ ਲੋਕਾਂ ਦੀ ਆਵਾਜ਼ ਹੈ, ਦੀ ਗਿ੍ਫ਼ਤਾਰੀ ਕਰ ਕੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੋ ਵੀ ਜ਼ਮੀਨ ਲੁੱਟ, ਕਾਰਪੋਰੇਟ ਪੱਖੀ ਨੀਤੀਆਂ ਅਤੇ ਲੋਕ ਵਿਰੋਧੀ ਫ਼ੈਸਲਿਆਂ ਦੇ ਖ਼ਿਲਾਫ਼ ਬੋਲੇਗਾ, ਉਸ ਨੂੰ ਜੇਲ੍ਹਾਂ ਵਿਚ ਸੁੱਟਿਆ ਜਾਵੇਗਾ |ਇਸ ਤੋਂ ਵੀ ਜ਼ਿਆਦਾ ਸ਼ਰਮਨਾਕ ਗੱਲ ਇਹ ਹੈ ਕਿ ਸੱਚ ਦਿਖਾਉਣ ਅਤੇ ਸੱਚ ਲਿਖਣ ਵਾਲੇ 10 ਪੱਤਰਕਾਰਾਂ ਉੱਪਰ ਪਰਚੇ ਦਰਜ ਕਰ ਕੇ ਸਰਕਾਰ ਨੇ ਮੀਡੀਆ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ | ਪੰਜਾਬ ਸਰਕਾਰ ਅੱਜ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਗਿ੍ਫ਼ਤਾਰੀਆਂ ਅਤੇ ਪਰਚਿਆਂ ਦਾ ਸਹਾਰਾ ਲੈ ਰਹੀ ਹੈ | ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੁਕੇਸ਼ ਮਲੌਦ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ, 10 ਪੱਤਰਕਾਰਾਂ ਉੱਪਰ ਦਰਜ ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਲੋਕਾਂ ਦੀ ਆਵਾਜ਼ ਦਬਾਉਣ ਦੀ ਨੀਤੀ ਨੂੰ ਤੁਰੰਤ ਖ਼ਤਮ ਕੀਤਾ ਜਾਵੇ | ਜੇ ਸਰਕਾਰ ਨੇ ਇਹ ਤਾਨਾਸ਼ਾਹੀ ਰਸਤਾ ਨਹੀਂ ਛੱਡਿਆ, ਤਾਂ ਹੱਕੀਂ ਸੰਘਰਸ਼ ਹੋਰ ਤੇਜ਼, ਵਿਸ਼ਾਲ ਅਤੇ ਫ਼ੈਸਲਾਕੁਨ ਹੋਵੇਗਾ |