ਬਰਨਾਲਾ, 5 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਮੰਤਰੀ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਮੀਟਿੰਗ ਦਾ ਸਮਾਂ ਨਾ ਦੇਣ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਜ਼ਿਲ੍ਹਾ ਬਰਨਾਲਾ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਪ੍ਰਸ਼ਾਸਨਿਕ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਰੋਸ-ਪੱਤਰ ਦਿੱਤਾ ਗਿਆ | ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਮਲਕੀਤ ਸਿੰਘ ਟੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਸੰਸਥਾ ਨੂੰ ਮੀਟਿੰਗ ਦਾ ਪੱਤਰ ਜਾਰੀ ਕਰ ਕੇ ਮੀਟਿੰਗ ਨਾ ਕਰਨ ਨੂੰ ਸੰਸਥਾ ਦੇ ਅਹੁਦੇਦਾਰ ਆਪਣਾ ਅਪਮਾਨ ਸਮਝਦੇ ਹਨ ਅਤੇ ਇਸ ਦੇ ਰੋਸ ਵਜੋਂ ਫ਼ੈਸਲਾ ਕੀਤਾ ਗਿਆ ਹੈ ਕਿ 15 ਜਨਵਰੀ ਤੋਂ ਸੰਗਰੂਰ ਵਿਖੇ ਉਨ੍ਹਾਂ ਵਲੋਂ ਲੜੀਵਾਰ ਸ਼ਾਂਤਮਈ ਧਰਨਾ ਲਗਾਇਆ ਜਾਵੇਗਾ ਤੇ ਗਣਤੰਤਰ ਦਿਵਸ ਮੌਕੇ ਸਰਕਾਰੀ ਸਮਾਗਮਾਂ ਵਿਚ ਨਾ ਤਾਂ ਸ਼ਾਮਲ ਹੋਇਆ ਜਾਵੇਗਾ ਅਤੇ ਨਾ ਹੀ ਪ੍ਰਸ਼ਾਸਨ ਤੋਂ ਕੋਈ ਸਮਾਨ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਤੇ ਕਾਨੂੰਨੀ ਵਾਰਸਾਂ ਨੂੰ ਸਮਾਨ ਦੀ ਨਹੀਂ ਬਲਕਿ ਸਨਮਾਨ ਦੀ ਲੋੜ ਹੈ ਜੋ ਕਿ ਦੇਸ਼ ਭਗਤਾਂ ਦਾ ਸੰਵਿਧਾਨਿਕ ਹੱਕ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਾਰੇ ਲਾ ਕੇ ਅਪਮਾਨ ਕਰਨ ਦੀ ਬਜਾਏ ਤੁਰੰਤ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰੇ | ਇਸ ਮੌਕੇ ਅਮਰਜੀਤ ਸਿੰਘ ਨਾਈਵਾਲਾ, ਬਹਾਦਰ ਸਿੰਘ ਰੂੜੇਕੇ ਕਲਾਂ, ਸਰਬਜੀਤ ਸਿੰਘ ਠੀਕਰੀਵਾਲ, ਰਮੇਲ ਸਿੰਘ ਧੂਰਕੋਟ, ਹਰਬੰਸ ਸਿੰਘ ਸੇਖੋਂ, ਬਲਵਿੰਦਰ ਸਿੰਘ ਛੰਨਾ ਗੁਲਾਬ ਸਿੰਘ, ਹਰਦੇਵ ਸਿੰਘ ਜੋਧਪੁਰ, ਮਨਜੀਤ ਸਿੰਘ ਚੰਨਣਵਾਲ, ਗੁਰਮੇਲ ਸਿੰਘ ਧੌਲਾ, ਕਰਨੈਲ ਸਿੰਘ, ਜਸਵੀਰ ਸਿੰਘ, ਮੱਖਣ ਸਿੰਘ, ਗੁਰਲਾਲ ਸਿੰਘ, ਜਸਵੀਰ ਕੌਰ, ਮਨਜੀਤ ਕੌਰ, ਜਸਮੇਲ ਸਿੰਘ, ਕਰਮ ਸਿੰਘ, ਕੌਰ ਸਿੰਘ ਆਦਿ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |