ਤਪਾ ਮੰਡੀ, 5 ਜਨਵਰੀ (ਵਿਜੇ ਸ਼ਰਮਾ)-ਤਪਾ ਮੰਡੀ ਅੰਦਰ ਇਕ ਦੁਕਾਨਦਾਰ ਨਾਲ ਨਵੇਂ ਅੰਦਾਜ਼ ਵਿਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਤਪਾ ਬਾਈਪਾਸ ਦੇ ਨੇੜੇ ਇਕ ਕਰਿਆਨੇ ਦੀ ਦੁਕਾਨ ਕਰਦੇ ਪੀੜਤ ਆਸ਼ੂ ਕੁਮਾਰ ਪੁੱਤਰ ਮੋਹਨ ਲਾਲ ਨੇ ਦੱਸਿਆ ਕਿ ਐਤਵਾਰ ਦੀ ਰਾਤ 8 ਵਜੇ ਦੇ ਕਰੀਬ ਉਸ ਦਾ ਬੇਟਾ ਦੁਕਾਨ 'ਤੇ ਸੀ ਤਾਂ ਇਕ ਵਿਅਕਤੀ ਨੇ ਉਸ ਤੋਂ ਖੁੱਲੇ੍ਹ ਪੈਸੇ ਮੰਗੇ | ਜਦ ਉਸ ਦੇ ਬੇਟੇ ਨੇ ਪੈਸੇ ਖੁੱਲ੍ਹੇ ਦੇਣ ਲਈ ਗੱਲਾ ਖੋਲਿ੍ਹਆ ਤਾਂ ਉਕਤ ਵਿਅਕਤੀ ਗੱਲੇ ਵਿਚ ਹੱਥ ਮਾਰਦਾ ਹੋਇਆ ਬੇਟੇ ਦੇ ਹੱਥ ਵਾਲੇ ਪੈਸੇ ਖੋਹ ਕੇ ਫ਼ਰਾਰ ਹੋ ਗਿਆ | ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਗੱਲੇ ਵਿਚੋਂ ਤਕਰੀਬਨ 4000 ਰੁਪਏ ਚੋਰੀ ਹੋ ਗਏ | ਜਿਸ ਦੀ ਸੂਚਨਾ ਉਸ ਵਲੋਂ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਇਸ ਦੀ ਵੀਡੀਓ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ | ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਨੇ ਕਿਹਾ ਕਿ ਮਾੜੇ ਅਨਸਰਾਂ ਨੇ ਚੋਰੀ ਕਰਨ ਦਾ ਨਵਾਂ ਅੰਦਾਜ਼ ਲੱਭ ਲਿਆ ਹੈ | ਸ਼ਹਿਰ ਦੇ ਸਮੂਹ ਵਪਾਰੀ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ 'ਤੇ ਸਤਰਕ ਰਹਿਣ | ਉਨ੍ਹਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਲੋਕਾਂ ਤੇ ਦੁਕਾਨਦਾਰਾਂ ਦੀ ਸੁਰੱਖਿਆ ਕਰਨਾ ਪੁਲਿਸ ਦਾ ਮੁੱਢਲਾ ਫ਼ਰਜ਼ ਹੈ |