ਬਰਨਾਲਾ, 5 ਜਨਵਰੀ (ਰਾਜ ਪਨੇਸਰ)-ਕੇਂਦਰ ਸਰਕਾਰ ਮਨਰੇਗਾ ਸਕੀਮ ਵਿਚ ਸੁਧਾਰਾਂ ਦੇ ਨਾਂਅ 'ਤੇ ਦੇਸ਼ ਦੇ ਮਜ਼ਦੂਰਾਂ ਨੂੰ ਗ਼ੁਲਾਮ ਬਣਾਉਣਾ ਚਾਹੁੰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਦੇ ਕਿਸਾਨ ਸੈਲ ਦੇ ਬਲਾਕ ਕੁਆਰਡੀਨੇਟਰ ਗੁਰਪ੍ਰੀਤ ਸਿੰਘ ਗਿੱਲ, ਬਲਾਕ ਕੁਆਰਡੀਨੇਟਰ ਜਸਪਾਲ ਸਿੰਘ, ਰਾਜ ਸਿੰਘ ਗਰੇਵਾਲ ਕਲੱਬ ਪ੍ਰਧਾਨ, ਗੁਰਪ੍ਰੀਤ ਸਿੰਘ ਭੱਠਲ ਕਲੱਬ ਖ਼ਜ਼ਾਨਚੀ, ਕੁਲਵਿੰਦਰ ਸਿੰਘ ਖੱਟੜਾ ਤੇ ਗੁਰਪ੍ਰੀਤ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੱਖਾਂ ਮਜ਼ਦੂਰਾਂ ਦੀ ਰੋਟੀ ਮਨਰੇਗਾ ਦੀ ਮਜ਼ਦੂਰੀ ਨਾਲ ਚੱਲ ਰਹੀ ਹੈ | ਕੇਂਦਰ ਦੀ ਮੋਦੀ ਸਰਕਾਰ ਇਸ ਸਕੀਮ ਵਿਚ ਵੱਡੇ-ਵੱਡੇ ਬਦਲਾਅ ਕਰ ਕੇ ਮਜ਼ਦੂਰਾਂ ਦੇ ਚੱੁਲ੍ਹੇ ਠੰਢੇ ਕਰਨਾ ਚਾਹੁੰਦੀ ਹੈ | ਕੇਂਦਰ ਸਰਕਾਰ ਦੀ ਇਸ ਕੋਝੀ ਚਾਲ ਨੂੰ 'ਆਪ' ਕਦੇ ਬਰਦਾਸ਼ਤ ਨਹੀਂ ਕਰੇਗੀ | ਪੰਜਾਬ ਅੰਦਰ ਕੇਂਦਰ ਦੀ ਇਸ ਧੱਕੇਸ਼ਾਹੀ ਵਿਰੱੁਧ ਰੋਸ ਫੈਲ ਗਿਆ | ਇਹ ਰੋਸ ਕੇਂਦਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਵਾ ਕੇ ਨਵੇਂ ਕਾਨੂੰਨ ਰੱਦ ਕਰਵਾਏਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੰਬੇ ਸਮੇਂ ਤੋਂ ਪੰਜਾਬ ਨਾਲ ਧੱਕੇਸ਼ਾਹੀ ਕਰਦੀ ਆ ਰਹੀ ਹੈ | ਪੰਜਾਬ ਅੰਦਰ 'ਆਪ' ਸਰਕਾਰ ਹਮੇਸ਼ਾ ਮਜ਼ਦੂਰਾਂ ਤੇ ਗ਼ਰੀਬਾਂ, ਲੋੜਵੰਦਾਂ ਨਾਲ ਡਟ ਕੇ ਖੜੀ ਸੀ ਤੇ ਅੱਗੇ ਵੀ ਡਟ ਕੇ ਖੜੇਗੀ |