ਤਪਾ ਮੰਡੀ, 6 ਜਨਵਰੀ (ਪ੍ਰਵੀਨ ਗਰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ (ਮੁੰਡੇ) ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਟੀ.ਬੈਨਿਥ ਆਈ.ਏ.ਐਸ ਦੀਆਂ ਹਦਾਇਤਾਂ ਅਨੁਸਾਰ ਚੋਣਕਾਰ 102-ਭਦੌੜ ਕਮ ਉਪ ਮੰਡਲ ਮੈਜਿਸਟ੍ਰੇਟ ਤਪਾ ਆਯੂਸ਼ ਗੋਇਲ ਆਈ.ਏ.ਐਸ. ਦੀ ਰਹਿਨੁਮਾਈ ਹੇਠ ਬੀ.ਐਲ.ਓਜ (ਬੂਥ ਲੈਵਲ ਅਫ਼ਸਰਾਂ) ਲਈ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਟਰੇਨਿੰਗ ਕੈਂਪ ਦਾ ਮੁੱਖ ਮਕਸਦ ਵੋਟਰ ਸੂਚੀਆਂ ਦੀ ਸਹੀ ਜਾਂਚ ਕਰਨਾ ਅਤੇ ਵੋਟਰ ਡਾਟਾ ਨੂੰ ਅੱਪਡੇਟ ਕਰਨਾ ਸੀ | ਕੈਂਪ ਵਿਚ ਬੂਥ ਨੰਬਰ 51 ਤੋਂ 109 ਤੱਕ ਦੇ ਬੀ.ਐਲ.ਓਜ ਨੇ ਭਾਗ ਲਿਆ | ਟਰੇਨਿੰਗ ਦੌਰਾਨ ਬੀ.ਐਲ.ਓਜ. ਨੂੰ ਵੋਟਰਾਂ ਦੇ ਦਸਤਾਵੇਜ਼ਾਂ ਦੀ ਜਾਂਚ, ਘਰ-ਘਰ ਜਾ ਕੇ ਸਰਵੇ ਕਰਨਾ ਅਤੇ ਵੋਟਰ ਲਿਸਟ ਵਿਚ ਗ਼ਲਤੀਆਂ ਨੂੰ ਠੀਕ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ 2002-2003 ਦੇ ਪੁਰਾਣੇ ਡਾਟਾ ਅਤੇ 2003 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨਾਲ ਵੋਟਰ ਡਾਟਾ ਦੀ ਤੁਲਨਾ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਅਸਲੀ ਅਤੇ ਯੋਗ ਵੋਟਰਾਂ ਨੂੰ ਸੂਚੀ ਵਿਚ ਸ਼ਾਮਿਲ ਕੀਤਾ ਜਾ ਸਕੇ | ਟਰੇਨਿੰਗ ਕੈਂਪ ਵਿਚ ਇਲੈੱਕਸ਼ਨ ਇੰਚਾਰਜ, ਸੀਨੀਅਰ ਅਧਿਕਾਰੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਰਹੇ | ਉਨ੍ਹਾਂ ਨੇ ਬੀ.ਐਲ.ਓਜ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ | ਅਧਿਕਾਰੀਆਂ ਨੇ ਕਿਹਾ ਕਿ ਸਹੀ ਵੋਟਰ ਸੂਚੀ ਲੋਕਤੰਤਰ ਦੀ ਮਜ਼ਬੂਤ ਨੀਂਹ ਹੁੰਦੀ ਹੈ ਅਤੇ ਇਸ ਵਿਚ ਬੀ.ਐਲ.ਓਜ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਇਸ ਕੈਂਪ 'ਚ ਇਲੈੱਕਸ਼ਨ ਇੰਚਾਰਜ ਜਗਸੀਰ ਸਿੰਘ ਭੁੱਲਰ, ਹਰਮੀਤ ਸਿੰਘ ਇਲੈੱਕਸ਼ਨ ਕਲਰਕ, ਸਾਹਿਲ ਕੁਮਾਰ ਕਲਰਕ, ਜਗਸੀਰ ਸਿੰਘ ਐਸ.ਐਲ.ਏ, ਸੈਕਟਰ ਅਫਸਰ ਰਾਕੇਸ਼ ਕੁਮਾਰ, ਜਪਨਾਮ ਸਿੰਘ, ਹਰਦੀਪ ਸਿੰਘ, ਹਰਜਿੰਦਰ ਸਿੰਘ, ਅੰਕੁਰ ਕੁਮਾਰ ਗੋਇਲ ਆਦਿ ਹਾਜਰ ਸਨ |