ਤਪਾ ਮੰਡੀ, 23 ਜਨਵਰੀ (ਪ੍ਰਵੀਨ ਗਰਗ)-ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਅੰਦਰ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਗਰੋਹ ਸਰਗਰਮ ਹੈ ਤੇ ਉਹ ਲਗਾਤਾਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਿਨ੍ਹਾਂ ਅੱਗੇ ਪੁਲਿਸ ਵੀ ਬੇਬਸ ਦਿਖਾਈ ਦੇ ਰਹੀ ਹੈ | ਅਜਿਹੀ ਹੀ ਲੁੱਟ ਖੋਹ ਦੀ ਘਟਨਾ ਤਪਾ ਢਿਲਵਾਂ ਡਰੇਨ ਨਜ਼ਦੀਕ ਵਾਪਰੀ, ਜਦੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਡਰਾਈਵਰ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਟਨਾ ਦਾ ਸ਼ਿਕਾਰ ਹੋਇਆ ਪੀੜਤ ਨਾਹਰਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਢਿਲਵਾਂ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਡਰਾਈਵਰੀ ਕਰਦਾ ਹੈ | ਅੱਜ ਉਹ ਆਪਣੀ ਤਨਖ਼ਾਹ ਜੋ ਕਰੀਬ 9 ਹਜ਼ਾਰ ਰੁਪਿਆ ਸੀ, ਆਪਣੇ ਬਟੂਏ 'ਚ ਪਾ ਕੇ ਵਾਪਸ ਆਪਣੇ ਪਿੰਡ ਢਿਲਵਾਂ ਜਾ ਰਿਹਾ ਸੀ | ਜਦੋਂ ਉਹ ਮੋਟਰਸਾਈਕਲ 'ਤੇ ਢਿਲਵਾਂ ਡਰੇਨ ਨਜ਼ਦੀਕ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਉਸ ਨਜ਼ਦੀਕ ਆਏ, ਜਿਨ੍ਹਾਂ ਉਸ ਦੇ ਕੁੜਤੇ ਦੀ ਸਾਈਡ 'ਤੇ ਲੱਗੇ ਗੀਝੇ (ਜੇਬ) ਨੂੰ ਹੱਥ ਪਾਇਆ ਅਤੇ ਪੱਟ ਕੇ ਲੈ ਗਏ | ਜਿਸ ਵਿਚ ਉਸ ਦਾ ਬਟੂਆ ਪਾਇਆ ਹੋਇਆ ਸੀ 'ਚ ਉਸ ਦੀ ਤਨਖ਼ਾਹ ਅਤੇ ਜ਼ਰੂਰੀ ਦਸਤਾਵੇਜ਼ ਸਨ | ਉਸ ਨੇ ਤੁਰੰਤ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਵੀ ਕਰਨਾ ਚਾਹਿਆ ਪ੍ਰੰਤੂ ਉਦੋਂ ਤੱਕ ਉਹ ਲੁਟੇਰੇ ਉਸ ਦੀ ਪਹੁੰਚ ਤੋਂ ਦੂਰ ਜਾ ਚੁੱਕੇ ਸਨ | ਉਪਰੰਤ ਉਸ ਨੇ ਤੁਰੰਤ ਇਸ ਦੀ ਸੂਚਨਾ ਤਪਾ ਪੁਲਿਸ ਨੂੰ ਦਿੱਤੀ | ਫ਼ਿਲਹਾਲ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਪਹਿਲੂਆਂ 'ਤੇ ਪੜਤਾਲ ਆਰੰਭ ਦਿੱਤੀ ਹੈ |