ਬਰਨਾਲਾ, 31 ਜਨਵਰੀ (ਨਰਿੰਦਰ ਅਰੋੜਾ)-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਰਨਾਲਾ ਮਿਸ ਅੰਸ਼ੂਲ ਬੇਰੀ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਰਨਾਲਾ ਸ੍ਰੀ ਮਦਨ ਲਾਲ, ਚੀਫ਼ ਲੀਗਲ ਏਡ ਡਿਫੈਂਸ ਕਾਉਂਸਲ ਅਤੇ ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਲ ਬਰਨਾਲਾ ਗੁਰਮੇਲ ਸਿੰਘ ਗਿੱਲ ਆਦਿ ਹਾਜ਼ਰ ਸਨ | ਮਿਸ ਅੰਸ਼ੂਲ ਬੇਰੀ ਨੇ ਜੇਲ੍ਹ ਬੰਦੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ | ਉਨ੍ਹਾਂ ਵਲੋਂ ਜੇਲ੍ਹ ਬੈਰਕਾਂ ਅਤੇ ਰਸੋਈ ਘਰ ਦੀ ਚੈਕਿੰਗ ਕੀਤੀ ਗਈ ਅਤੇ ਸਾਫ਼-ਸਫ਼ਾਈ ਦਾ ਜਾਇਜ਼ਾ ਲਿਆ ਗਿਆ | ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਰਨਾਲਾ ਵਲੋਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮਾਨਯੋਗ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਵਿਚ ਅਪੀਲ ਕਰਨ ਦਾ ਤਰੀਕਾ ਅਤੇ ਲਿਮਿਟੇਸ਼ਨ ਪੀਰੀਅਡ ਬਾਰੇ ਵੀ ਜਾਗਰੂਕ ਕੀਤਾ | ਉਨ੍ਹਾਂ ਜੇਲ੍ਹ ਸੁਪਰਡੰਟ ਨੂੰ ਹਦਾਇਤ ਕੀਤੀ ਕਿ ਜੋ ਵੀ ਵਿਅਕਤੀ ਸਰਕਾਰੀ ਖ਼ਰਚੇ 'ਤੇ ਆਪਣੇ ਕੇਸ ਦੀ ਪੈਰਵਾਈ ਕਰਵਾਉਣਾ ਚਾਹੁੰਦਾ ਹੈ, ਉਸ ਦਾ ਫਾਰਮ ਭਰ ਕੇ ਦੋ ਦਿਨ ਦੇ ਵਿਚ-ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਰਨਾਲਾ ਦੇ ਦਫ਼ਤਰ ਵਿਖੇ ਭੇਜਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ |