ਮਹਿਲ ਕਲਾਂ, 2 ਫਰਵਰੀ (ਅਵਤਾਰ ਸਿੰਘ ਅਣਖੀ)-ਸੁਪਰੀਮ ਇੰਟਰਨੈਸ਼ਨਲ ਸਕੂਲ ਮਹਿਲ ਕਲਾਂ ਵਿਖੇ ਵੱਖ-ਵੱਖ ਖੇਡ ਮੁਕਾਬਲੇ ਸੰਸਥਾ ਦੇ ਡਾਇਰੈਕਟਰ ਸ੍ਰੀ ਮੋਹਨੀਸ਼ ਮਿਸ਼ਾ, ਸਰਦਾਰਨੀ ਜਸਪ੍ਰੀਤ ਕੌਰ ਅਤੇ ਪਿ੍ੰਸੀਪਲ ਵੀਨਾ ਨਾਇਰ ਦੀ ਅਗਵਾਈ ਹੇਠ ਕਰਵਾਏ ਗਏ | ਜਿਨ੍ਹਾਂ 'ਚ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ | ਵਿਦਿਆਰਥੀਆਂ ਵਿਚਕਾਰ ਕਰਵਾਏ ਖੇਡ ਮੁਕਾਬਲੇ ਜਿਵੇਂ ਡੱਡੂ ਦੌੜ, ਜੰਮਪਿੰਗ ਦੌੜ, ਲੌਂਗ ਜੰਪ, ਸ਼ਾਟ ਪੁੱਟ ਅਤੇ ਦੌੜਾਂ ਆਦਿ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਡਾਇਰੈਕਟਰ ਮੋਹਨੀਸ਼ ਮਿਸ਼ਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਆਪਣਾ ਮਹੱਤਵਪੂਰਨ ਸਥਾਨ ਹੈ | ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣ ਜਿਵੇਂ ਕਿ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਇੱਕਜੁੱਟਤਾ ਆਦਿ ਭਰਦੀਆਂ ਹਨ | ਇਹ ਵਿਦਿਆਰਥੀਆਂ ਅੰਦਰ ਸਕਾਰਾਤਮਿਕ ਸੋਚ ਪੈਦਾ ਕਰਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਵਿਦਿਆਰਥੀਆਂ ਦਾ ਸਰਵ-ਪੱਖੀ ਵਿਕਾਸ ਕਰਨਾ ਹੈ | ਉਨ੍ਹਾਂ ਵਿਦਿਆਰਥੀਆਂ ਦੇ ਉਤਸ਼ਾਹ ਤੇ ਜੋਸ਼ ਨੂੰ ਦੇਖਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਭਵਿੱਖ ਵਿਚ ਵੀ ਕਰਵਾਏ ਜਾਂਦੇ ਰਹਿਣਗੇ |