ਬਰਨਾਲਾ, 3 ਫਰਵਰੀ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਸਾਈਬਰ ਕ੍ਰਾਈਮ ਵਲੋਂ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪ੍ਰੈਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਐਸ.ਐਸ.ਪੀ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਤਸਕਰਾਂ, ਚੋਰ, ਲੁਟੇਰਿਆਂ, ਸਮਾਜ ਵਿਰੋਧੀ ਅਨਸਰਾਂ ਤੇ ਲੋਕਾਂ ਨੂੰ ਮੱਕੜ ਜਾਲ 'ਚ ਫਸਾ ਕੇ ਠੱਗੀਆਂ ਮਾਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਮੱੁਦਈ ਆਤਮਾ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਲੋਹਗੜ੍ਹ ਬਰਨਾਲਾ ਨੇ ਸਾਈਬਰ ਕ੍ਰਾਈਮ ਦੀ ਇੰਚਾਰਜ ਇੰਸਪੈਕਟਰ ਮੈਡਮ ਕਮਲਜੀਤ ਕੌਰ ਕੋਲ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਵਿਦੇਸ਼ 'ਚੋਂ ਰਿਸ਼ਤੇਦਾਰ ਬਣ ਕੇ ਵੱਖ-ਵੱਖ ਕਿਸ਼ਤਾਂ ਰਾਹੀਂ 10 ਲੱਖ 19 ਹਜ਼ਾਰ ਰੁਪਏ ਦੀ ਮੁੱਦਈ ਨਾਲ ਠੱਗੀ ਮਾਰੀ ਹੈ, ਜੋ ਕਿ ਮਿਓਲ ਬੈਂਕ ਅਕਾਊਾਟ ਦੀ ਵਰਤੋਂ ਕਰਦੇ ਹਨ | ਠੱਗਾਂ ਨੇ ਮਿਉਲ ਬੈਂਕ 'ਚ ਵੱਖ-ਵੱਖ ਥਾਵਾਂ 'ਤੇ ਖਾਤੇ ਖੁਲ੍ਹਵਾਏ ਹੋਏ ਹਨ | ਜਦੋਂ ਲੋਕ ਇਨ੍ਹਾਂ ਦੀਆਂ ਚਾਲਾਂ 'ਚ ਆ ਜਾਂਦੇ ਹਨ ਤੇ ਬੈਂਕ ਦੀ ਸਾਰੀ ਜਾਣਕਾਰੀ ਹਾਸਲ ਕਰ ਕੇ ਇਹ ਮੋਟੀਆਂ ਠੱਗੀਆਂ ਮਾਰਦੇ ਹਨ | ਸਾਈਬਰ ਕ੍ਰਾਈਮ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਠੱਗੀਆਂ ਮਾਰਨ ਵਾਲੇ ਕੁਲਦੀਪ ਸਿੰਘ ਲਵਲੀ ਪੁੱਤਰ ਬਲਵੀਰ ਸਿੰਘ ਵਾਸੀ ਜੱਲੋਕੇ ਮਮਦੋਟ ਹਿਠਾੜ (ਫ਼ਿਰੋਜਪੁਰ), ਮਲਕੀਤ ਸਿੰਘ ਕੀਤੂ ਪੁੱਤਰ ਬਲਵਿੰਦਰ ਸਿੰਘ ਵਾਸੀ ਜੱਲੋਕੇ ਮਮਦੋਟ ਹਿਠਾੜ (ਫ਼ਿਰੋਜਪੁਰ), ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਸੇਠਾ ਵਾਲਾ ਮਮਦੋਟ (ਫ਼ਿਰੋਜ਼ਪੁਰ), ਸੁਖਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਛਾਂਘਾ ਖ਼ੁਰਦ (ਫ਼ਿਰੋਜ਼ਪੁਰ) ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਹ ਵੀ ਪਤਾ ਲੱਗਿਆ ਹੈ ਕਿ ਪਾਕਿਸਤਾਨ ਵਿਚ ਬੈਠੇ ਇਕ ਠੱਗ ਨਾਲ ਇਹ ਵੱਖ-ਵੱਖ ਸੂਬਿਆਂ 'ਚ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ | ਗਿ੍ਫ਼ਤਾਰ ਕੀਤੇ ਗਏ ਠੱਗਾਂ ਦੇ ਖਾਤੇ ਵੀ ਸੀਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ | ਇਹ ਵੀ ਸਾਹਮਣੇ ਆਇਆ ਹੈ ਕਿ ਮਲਕੀਤ ਸਿੰਘ ਕੀਤੂ ਮੈਕਸੀਕੋ ਤੋਂ ਡਿਪੋਰਟ ਹੋ ਕੇ ਆਇਆ ਹੈ | ਗਿ੍ਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ | ਇਸ ਮੌਕੇ ਐਸ.ਆਈ. ਸਤਵਿੰਦਰ ਸਿੰਘ, ਐਸ.ਆਈ ਅਜੈਬ ਸਿੰਘ ਆਦਿ ਹਾਜ਼ਰ ਸਨ |