ਟੱਲੇਵਾਲ, 3 ਫਰਵਰੀ (ਸੋਨੀ ਚੀਮਾ)-ਪਿੰਡ ਦੀਵਾਨਾ ਦੇ ਪ੍ਰਸਿੱਧ ਧਾਰਮਿਕ ਸਥਾਨ ਅਤੇ ਪਿੰਡ ਦੀਵਾਨਾ ਦੇ ਮੋੜ੍ਹੀ ਗੱਡ ਮਹਾਂਪੁਰਸ਼ ਬਾਬਾ ਅਗੰਧ ਸਿੰਘ ਦੇ 65ਵੇਂ ਬਰਸੀ ਸਮਾਗਮਾਂ ਸਬੰਧੀ ਜੋੜ ਮੇਲਾ ਸ਼ੁਰੂ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਿੱਕਰ ਸਿੰਘ ਸੋਹੀ, ਚੰਦ ਸਿੰਘ ਸਿੱਧੂ ਖ਼ਜ਼ਾਨਚੀ, ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀ, ਪਾਲੀ ਸਿੰਘ ਫ਼ੌਜੀ, ਜਬਰ ਸਿੰਘ ਢਿੱਲੋਂ, ਗੁਰਮੇਲ ਸਿੰਘ ਢਿੱਲੋਂ, ਜਰਨੈਲ ਸਿੰਘ ਸਿੱਧੂ, ਸਤਿਨਾਮ ਸਿੰਘ, ਜਸਮੇਲ ਸਿੰਘ ਬਬਲੂ, ਕਰਨੈਲ ਸਿੰਘ ਆਦਿ ਨੇ ਦੱਸਿਆ ਕਿ ਉਕਤ ਜੋੜ ਮੇਲਾ 24 ਜਨਵਰੀ ਤੋਂ ਸ਼ੁਰੂ ਹੋਇਆ ਹੈ ਅਤੇ ਜਿਸ ਦੀ ਸੰਪੂਰਨਾ 9 ਫਰਵਰੀ ਨੂੰ ਹੋਵੇਗੀ | ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਅਤੇ ਇਲਾਕੇ ਦੀ ਸ਼ਰਧਾ ਦੇ ਕੇਂਦਰ ਇਸ ਧਾਰਮਿਕ ਸਥਾਨ 'ਤੇ ਵੱਖ-ਵੱਖ ਪਰਿਵਾਰਾਂ ਵਲੋਂ ਪ੍ਰਕਾਸ਼ ਕਰਵਾਏ 80 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਅਤੇ ਜੋੜ ਮੇਲੇ ਦੇ ਆਖ਼ਰੀ ਤਿੰਨ ਦਿਨਾਂ ਦੌਰਾਨ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਧਾਰਮਿਕ ਪ੍ਰਸੰਗ ਪੇਸ਼ ਕਰਨਗੇ, ੳੱੁਥੇ ਸੰਗਤਾਂ ਲਈ ਲੰਗਰ ਦੇ ਖ਼ਾਸ ਪ੍ਰਬੰਧ ਹਨ |