ਸ਼ਹਿਣਾ, 20 ਫਰਵਰੀ (ਸੁਰੇਸ਼ ਗੋਗੀ)-ਵੇਰਕਾ ਸਹਿਕਾਰੀ ਸਭਾਵਾਂ ਵਾਲਿਆਂ ਵਲੋਂ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਛੇਤੀ ਉਪਰੋਕਤ ਮੰਗਾਂ ਹੱਲ ਕਰਨ ਲਈ ਧਿਆਨ ਦੇਣ ਦੀ ਵੀ ਮੰਗ ਕੀਤੀ ਹੈ | ਵੇਰਕਾ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ਵਿਚ ਰਾਮ ਲਾਲ, ਕੁਲਦੀਪ ਸਿੰਘ, ਲੱਖੀ ਗਰਗ, ਪਰਮਜੀਤ ਸਿੰਘ, ਪਵਨ ਕੁਮਾਰ, ਸੁਭਾਸ਼ ਕੁਮਾਰ, ਸੁਨੀਲ ਕੁਮਾਰ, ਚੌਧਰੀ ਰਾਮ ਆਦਿ ਨੇ ਮੰਗ ਪੱਤਰ ਰਾਹੀਂ ਦੱਸਿਆ ਕਿ ਵੇਰਕਾ ਸਹਿਕਾਰੀ ਸਭਾਵਾਂ ਦੇ ਦੁੱਧ ਦੇ ਭਾਅ ਬਹੁਤ ਘੱਟ ਹਨ ਜਦਕਿ ਪ੍ਰਾਈਵੇਟ ਅਦਾਰੇ ਕਿਤੇ ਵੱਧ ਰੇਟ ਦੁੱਧ ਦਾ ਦੇ ਰਹੇ ਹਨ | ਵੇਰਕਾ ਦਾ ਫੈਟ ਰੇਟ 7.80 ਰੁਪਏ, ਜਦਕਿ ਪ੍ਰਾਈਵੇਟ ਅਦਾਰੇ 8.50 ਦਾ ਰੇਟ ਦੇ ਰਹੀਆਂ ਹਨ | ਇਸ ਤਰ੍ਹਾਂ ਇਕ ਕਿੱਲੋ ਦੁੱਧ ਪਿੱਛੇ 8 ਤੋਂ 9 ਰੁਪਏ ਦਾ ਫ਼ਰਕ ਪੈ ਰਿਹਾ ਹੈ | ਸੈਂਟਰਾਂ ਵਾਲਿਆਂ ਨੇ ਇਹ ਵੀ ਕਿਹਾ ਕਿ ਪਿੱਛਲੇ 3 ਸਾਲ ਤੋਂ ਸੈਂਟਰਾਂ ਵਾਲੇ ਘੱਟ ਰੇਟ 'ਤੇ ਕੰਮ ਕਰ ਰਹੇ ਹਨ ਜਿਸ ਕਾਰਨ ਕਈ ਪੁਰਾਣੇ ਸੈਂਟਰ ਬੰਦ ਹੋ ਚੁੱਕੇ ਹਨ ਤੇ ਦੂਜੇ ਵੀ ਬੰਦ ਹੋਣ ਦੇ ਕਿਨਾਰੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਪਰਿਵਾਰ ਪਾਲਨ ਲਈ ਸੈਂਟਰ ਵਾਲੇ ਕੁੱਝ ਦੁੱਧ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਕੇ ਡੰਗ ਟਪਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਅਦਾਰੇ ਨੂੰ ਬਚਾਉਣ ਦੀ ਲੋੜ ਹੈ ਅਤੇ ਵੱਡੀ ਗਿਣਤੀ ਲੋਕਾਂ ਦਾ ਵਿਸ਼ਵਾਸ ਇਸ ਅਦਾਰੇ ਨਾਲ ਜੁੜਿਆ ਹੋਇਆ ਹੈ | ਪਿੰਡਾਂ ਵਿਚ ਪਸ਼ੂ ਰੱਖਣ ਦਾ ਰੁਝਾਨ ਬੇਹੱਦ ਘੱਟ ਰਿਹਾ ਹੈ ਪਰ ਫਿਰ ਵੀ ਸੈਂਟਰ ਵਾਲਿਆਂ ਕਿਸੇ ਨਾ ਕਿਸੇ ਦੁੱਧ ਦੀ ਖ਼ਰੀਦ ਵੇਰਕਾ ਲਈ ਪੂਰੀ ਕਰ ਰਹੇ ਹਨ |