ਬਰਨਾਲਾ, 20 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਹੂਲਤ ਲਈ 26 ਫਰਵਰੀ ਨੂੰ 'ਅਲਿਮਕੋ ਡਿਸਟ੍ਰੀਬਿਊਸ਼ਨ ਕੈਂਪ ਲਾਏ ਜਾ ਰਹੇ ਹਨ | ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਵਿਚ ਪਹਿਲੀ ਤੋਂ 12ਵੀਂ ਜਮਾਤ ਦੇ ਉਨ੍ਹਾਂ ਬੱਚਿਆਂ ਨੂੰ ਸਹਾਇਕ ਉਪਕਰਨ ਵੰਡੇ ਜਾਣਗੇ ਜਿਨ੍ਹਾਂ ਦੀ ਅਸੈਸਮੈਂਟ ਸਾਲ 2021 ਦੇ ਕੈਂਪਾਂ ਦੌਰਾਨ ਕੀਤੀ ਗਈ ਸੀ | ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਇੰਦੂ ਸਿਮਕ ਨੇ ਦੱਸਿਆ ਕਿ ਸਟੇਟ ਪ੍ਰੋਜੈਕਟ ਡਾਇਰੈਕਟਰ, ਸਰਵ ਸਿੱਖਿਆ ਅਭਿਆਨ ਅਥਾਰਿਟੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਇਹ ਕੈਂਪ 26 ਫਰਵਰੀ ਨੂੰ ਦੁਪਹਿਰ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਪੱਤੀ, ਸੰਘੇੜਾ ਚੌਂਕ ਬਰਨਾਲਾ (ਬਰਨਾਲਾ ਅਤੇ ਮਹਿਲ ਕਲਾਂ ਲਈ) ਅਤੇ ਦੁਪਹਿਰ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ (ਮੁੰਡੇ) ਵਿਚ ਬਲਾਕ ਸ਼ਹਿਣਾ ਲਈ ਲਗਾਇਆ ਜਾਵੇਗਾ, ਜਿੱਥੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਲਾਭ ਦਿੱਤਾ ਜਾਵੇਗਾ | ਉਨ੍ਹਾਂ ਨੇ ਸਬੰਧਿਤ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਮਿਥੇ ਸਮੇਂ ਅਨੁਸਾਰ ਕੈਂਪਾਂ ਵਿਚ ਪਹੁੰਚ ਕੇ ਇਨ੍ਹਾਂ ਸਹਾਇਕ ਉਪਕਰਨਾਂ ਸਬੰਧੀ ਲਾਭ ਉਠਾਉਣ ਤਾਂ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਜੀਵਨ ਨੂੰ ਸੁਖਾਲਾ ਬਣਾਇਆ ਜਾ ਸਕੇ |