ਬਰਨਾਲਾ, 20 ਫਰਵਰੀ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਲੋਂ ਕਲਾਸ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਪੇਪਰਾਂ ਦੇ ਤਣਾਅ ਨਾਲ ਕਿਵੇਂ ਨਜਿੱਠੀਏ ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਇਹ ਵਰਕਸ਼ਾਪ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਆਏ ਸ੍ਰੀ ਗੌਰਵ ਬਾਲੀ ਵਲੋਂ ਵਿਦਿਆਰਥੀਆਂ ਨੂੰ ਆਪਣੇ ਪੇਪਰਾਂ ਦੀ ਤਿਆਰੀ ਨਾਲ ਸਬੰਧਿਤ ਅਨੁਭਵਾਂ ਅਤੇ ਮਾਨਸਿਕ-ਭਾਵਨਾਤਮਕ ਚਿੰਤਾਵਾਂ ਸਾਂਝੀਆਂ ਕਰਨ ਲਈ ਇਕ ਸੁਰੱਖਿਅਤ ਮੰਚ ਪ੍ਰਦਾਨ ਕੀਤਾ ਗਿਆ | ਸ੍ਰੀ ਬਾਲੀ ਨੇ ਵਿਦਿਆਰਥੀਆਂ ਨੂੰ ਪੇਪਰਾਂ ਦੌਰਾਨ ਸ਼ਾਂਤ, ਸਕਾਰਾਤਮਿਕ ਅਤੇ ਕੇਂਦਰਿਤ ਰਹਿਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਵੱਖ-ਵੱਖ ਗਤੀਵਿਧੀਆਂ ਅਤੇ ਅਰਥਪੂਰਨ ਚਰਚਾਵਾਂ ਰਾਹੀਂ ਉਨ੍ਹਾਂ ਨੇ ਤਣਾਅ ਪ੍ਰਬੰਧਨ ਦੀਆਂ ਵਿਹਾਰਕ ਤਕਨੀਕਾਂ ਅਤੇ ਮੁਸ਼ਕਿਲ ਸਮਿਆਂ ਦੌਰਾਨ ਭਾਵਨਾਤਮਕ ਸੰਤੁਲਨ ਬਣਾਈ ਰੱਖਣ ਦੇ ਢੰਗ ਸਿਖਾਏ | ਐਲ.ਪੀ.ਯੂ. ਦੇ ਵਰੁਣ ਨਈਅਰ ਨੇ ਜਮਾਤ ਦਸਵੀਂ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਸੰਵਾਦ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਵੱਖ-ਵੱਖ ਕੈਰੀਅਰ ਮੌਕਿਆਂ ਬਾਰੇ ਪ੍ਰੇਰਨਾਦਾਇਕ ਚਰਚਾ ਕੀਤੀ | ਸਕੂਲ ਦੇ ਪਿ੍ੰਸੀਪਲ ਸ੍ਰੀ ਮੋਹਿਤ ਜਿੰਦਲ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਸਹੀ ਸੋਚ, ਹਿੰਮਤ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕਰਦੀਆਂ ਹਨ, ਤਾਂ ਜੋ ਉਹ ਪੇਪਰਾਂ ਅਤੇ ਜੀਵਨ ਦੀਆਂ ਚੁਨੌਤੀਆਂ ਦਾ ਸਕਾਰਾਤਮਿਕ ਢੰਗ ਨਾਲ ਸਾਹਮਣਾ ਕਰ ਸਕਣ |