ਬਰਨਾਲਾ, 22 ਫਰਵਰੀ (ਰਾਜ ਪਨੇਸਰ)-ਨੇੜਲੇ ਪਿੰਡ ਪੱਤੀ ਸੇਖਵਾਂ, ਨਾਈਵਾਲਾ ਰੋਡ 'ਤੋਂ ਨਸ਼ਾ ਕਰਦੇ ਦੋ ਜਣਿਆਂ ਨੂੰ ਕਾਬੂ ਕਰ ਕੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਪਿੰਡ ਪੱਤੀ ਸੇਖਵਾਂ ਤੋਂ ਨਾਈਵਾਲਾ ਰੋਡ 'ਤੇ ਬੈਠੇ ਮਨਪ੍ਰੀਤ ਸਿੰਘ, ਸੁਖਪ੍ਰਭੂ ਸਿੰਘ ਵਾਸੀਅਨ ਪੱਤੀ ਸੇਖਵਾਂ ਨਸ਼ਾ ਕਰ ਰਹੇ ਹਨ | ਪੁਲਿਸ ਪਾਰਟੀ ਵਲੋਂ ਛਾਪੇਮਾਰੀ ਕਰਦਿਆਂ ਦੋਵੇਂ ਜਣਿਆਂ ਨੂੰ ਕਾਬੂ ਕਰ ਕੇ ਸਿਵਲ ਹਸਪਤਾਲ ਵਿਖੇ ਡੋਪ ਟੈਸਟ ਕਰਵਾਇਆ ਜੋ ਕਿ ਪਾਜੇਟਿਵ ਆਉਣ ਤੋਂ ਬਾਅਦ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |